ਚਮਕੌਰ ਸਾਹਿਬ: ਕਸ਼ਮੀਰ ਵਿੱਚ ਤਾਇਨਾਤ ਇੱਥੋਂ ਦੇ ਪੈਰਾਟਰੂਪ ਜਵਾਨ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਫ਼ੌਜੀ ਦੀ ਸ਼ਨਾਖ਼ਤ ਕਰਮਜੀਤ ਸਿੰਘ (24) ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਹਾਫਿਜ਼ਾਬਾਦ ਵਜੋਂ ਹੋਈ ਹੈ।

ਕਰਮਜੀਤ ਸਿੰਘ ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ 23 ਪੈਰਾ ਕਮਾਂਡੋ ਫੋਰਸ ਵਿੱਚ ਤਾਇਨਾਤ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਉਸ ਕੋਲੋਂ ਅਚਾਨਕ ਗੋਲ਼ੀ ਚੱਲ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ੋਪੀਆਂ ਵਿੱਚ ਤਾਇਨਾਤ ਫ਼ੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਰਾਟਰੂਪਰ ਦੀ ਆਪਣੀ ਸਰਕਾਰੀ ਬੰਦੂਕ ਵਿੱਚੋਂ ਗੋਲ਼ੀ ਚੱਲੀ, ਜਿਸ ਕਾਰਨ ਉਸ ਦੀ ਜਾਨ ਚਲੀ ਗਈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਰਮਜੀਤ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਹਾਫਿਜ਼ਾਬਾਦ ਪੁੱਜਣ ਦੀ ਉਮੀਦ ਹੈ।