ਜਲੰਧਰ: ਇਹ ਇਲਜ਼ਾਮ ਪਹਿਲਾਂ ਵੀ ਲੱਗਦੇ ਆਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਵਾਲੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿਵਾਈ ਸੀ। ਹੁਣ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਸਨਖੀਖੇਜ ਖੁਲਾਸਾ ਕੀਤਾ ਹੈ। ਪਰਗਟ ਸਿੰਘ ਦਾ ਦਾਅਵਾ ਹੈ ਕਿ ਸੁਖਬੀਰ ਬਾਦਲ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਲ 2015 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਈ ਸੀ। 'ਏਬੀਪੀ ਸਾਂਝਾ' ਦੇ ਵਿਸ਼ੇਸ਼ ਪ੍ਰੋਗਰਾਮ 'ਮੁੱਕਦੀ ਗੱਲ ਵਿੱਚ ਸੁਖਬੀਰ ਦੀ ਹਾਜ਼ਰੀ ’ਚ ਚੀਮਾ ਨੇ ਮੁਆਫੀ ਦੀ ਗੱਲ ਦੱਸੀ ਸੀ। ਪਰਗਟ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ 10-12 ਵਿਧਾਇਕ ਬੈਠੇ ਸਨ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਤਤਕਾਲੀ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਤਤਕਾਲੀ ਮੰਤਰੀ ਡਾ. ਚੀਮਾ (ਦਲਜੀਤ ਸਿੰਘ ਚੀਮਾ) ਆਏ ਤੇ ਉਨ੍ਹਾਂ ਨੂੰ ਦੱਸਿਆ ਕਿ ਅੱਜ ਇੱਕ ਖੁਸ਼ਖ਼ਬਰੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਪੁੱਛਣ 'ਤੇ ਡਾ. ਚੀਮਾ ਨੇ ਦੱਸਿਆ ਕਿ ਸਿੰਘ ਸਾਹਿਬਾਨ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਲਈ ਮੰਨ ਗਏ ਹਨ। ਪਰਗਟ ਸਿੰਘ ਨੇ 'ਮੁੱਕਦੀ ਗੱਲ' ਵਿੱਚ ਦੱਸਿਆ ਕਿ ਉਨ੍ਹਾਂ ਇਸ ਮੁਆਫ਼ੀ ਦਾ ਵਿਰੋਧ ਕੀਤਾ ਸੀ। ਪਰਗਟ ਸਿੰਘ ਨੂੰ ਮੁੜ ਪੁੱਛੇ ਜਾਣ 'ਤੇ ਕਿ ਕੀ ਸੁਖਬੀਰ ਬਾਦਲ ਨੇ ਇਸ ਦਾ ਵਿਰੋਧ ਨਹੀਂ ਕੀਤਾ ਤਾਂ ਉਨ੍ਹਾਂ ਸਾਫ਼ ਕਿਹਾ ਕਿ ਉਹ ਪਹਿਲਾਂ ਹੀ ਫੈਸਲਾ ਕਰਕੇ ਆਏ ਸਨ ਕਿ ਇਹ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੇ 12 ਵਿਧਾਇਕਾਂ ਦੀ ਹਾਜ਼ਰੀ ’ਚ ਮੁਆਫੀ ਦਾ ਵਿਰੋਧ ਨਹੀਂ ਕੀਤਾ। ਸਾਬਕਾ ਅਕਾਲੀ ਵਿਧਾਇਕ ਨੇ ਮੁਆਫ਼ੀ ਦਾ ਸੁਖਬੀਰ ਬਾਦਲ ਨੂੰ ਫਾਇਦਾ ਦੱਸਦਿਆਂ ਕਿਹਾ ਕਿ ਉਨ੍ਹਾਂ ਲਈ ਆਉਂਦੀਆਂ ਚੋਣਾਂ ਵਿੱਚ ਵੋਟਾਂ ਲੈਣ ਲਈ ਡੇਰਾ ਮੁਖੀ ਦੀ ਫ਼ਿਲਮ ਚਲਵਾਉਣੀ ਲਾਜ਼ਮੀ ਬਣ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਦਿੱਲੀ ਵਿੱਚ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ 'ਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰ ਪਾਰਟੀ ਵਿੱਚੋਂ ਕੱਢ ਦਿੱਤਾ ਪਰ ਆਪ ਉਹ ਰਾਮ ਰਹੀਮ ਵਰਗੇ ਇਨਸਾਨ ਨਾਲ ਮਿਲਦੇ ਰਹੇ। 'ਮੁੱਕਦੀ ਗੱਲ' ਦਾ ਪੂਰਾ ਐਪੀਸੋਡ ਦੇਖਣ ਲਈ ਹੇਠ ਦਿੱਤੇ ਲਿੰਕ 'ਤੇ ਜਾਓ-