ਕਿੰਸ਼ਾਸਾ: ਅਫ਼ਰੀਕੀ ਦੇਸ਼ ਕਾਂਗੋ ਵਿੱਚ ਇੱਕ ਤੇਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਕਾਰਨ 53 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸ਼ਨੀਵਾਰ ਨੂੰ ਵਾਪਰੀ ਇਸ ਦੁਰਘਟਨਾ ਵਿੱਚ ਤਕਰੀਬਨ 100 ਲੋਕ ਝੁਲਸ ਗਏ ਹਨ। ਤੇਲ ਟੈਂਕਰ ਦੀ ਇੱਕ ਹੋਰ ਵਾਹਨ ਨਾਲ ਹੋ ਗਈ, ਜਿਸ ਤੋਂ ਬਾਅਦ ਅੱਗ ਲੱਗ ਗਈ। ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਰਾਜਧਾਨੀ ਕਿੰਸ਼ਾਸਾ ਨੂੰ ਅਟਲਾਂਟਿਕ ਮਹਾਂਸਾਗਰ ਸਥਿਤ ਬੰਦਰਗਾਹ ਮਾਟਾਡੀ ਨਾਲ ਜੋੜਨ ਵਾਲੇ ਸ਼ਾਹਰਾਹ 'ਤੇ ਦੋਵਾਂ ਵਾਹਨਾਂ ਦਰਮਿਆਨ ਟੱਕਰ ਹੋ ਗਈ। ਚਸ਼ਮਦੀਦਾਂ ਮੁਤਾਬਕ ਟੱਕਰ ਹੋਣ ਤੋਂ ਬਾਅਦ ਟੈਂਕਰ ਵਿੱਚੋਂ ਤੇਲ ਦਾ ਰਿਸਾਅ ਹੋਣ ਲੱਗਾ ਤੇ ਪਿੰਡ ਦੇ ਲੋਕ ਤੇਲ ਇਕੱਠਾ ਕਰਨ ਲਈ ਆ ਪਹੁੰਚੇ। ਇੰਨੇ ਵਿੱਚ ਧਮਾਕਾ ਹੋ ਗਿਆ ਤੇ ਪਿੰਡ ਵਾਸੀ ਉਸ ਦੀ ਲਪੇਟ ਵਿੱਚ ਆ ਗਏ।
ਧਮਾਕਾ ਇੰਨਾ ਭਿਆਨਕ ਸੀ ਕਿ 53 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਜਣੇ ਬੁਰੀ ਤਰ੍ਹਾਂ ਝੁਲਸ ਗਏ। ਕਾਂਗੋ ਕੇਂਦਰੀ ਖੇਤਰ ਦੇ ਅੰਤਰਿਮ ਗਵਰਨਰ ਅਤਾਊ ਮਾਤਾਬੁਆਨਾ ਨੇ ਦੱਸਿਆ ਕਿ 100 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਸੜ ਗਏ ਹਨ। ਜ਼ਿਕਰਯੋਗ ਹੈ ਕਿ ਸਾਲ 2010 ਵਿੱਚ ਅਫ਼ਰੀਕਾ ਦੇ ਕੀਵੂ ਸੂਬੇ ਵਿੱਚ ਇਸੇ ਤਰ੍ਹਾਂ ਟੈਂਕਰ ਦੇ ਪਲਟਣ ਕਾਰਨ 200 ਲੋਕ ਮਾਰੇ ਗਏ ਸੀ।