ਚੰਡੀਗੜ੍ਹ: ਸਰਕਾਰਾਂ ਆਮ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਚੁਣੀਆਂ ਜਾਂਦੀਆਂ ਹਨ, ਪਰ ਪੰਜਾਬ ਸਰਕਾਰ ਇੱਕ ਤੋਂ ਬਾਅਦ ਇੱਕ ਆਮ ਲੋਕਾਂ ਨੂੰ ਝਟਕੇ ਦੇ ਰਹੀ ਹੈ। ਪਹਿਲੇ ਸਾਲ 'ਚ ਕਈ ਵਾਰ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਹੁਣ ਸਾਰੇ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਦੌਰਾਨ 24 ਘੰਟੇ ਮੁਫਤ ਸਹੂਲਤ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਰਕਾਰੀ ਹਸਪਤਾਲਾਂ ਦੇ ਸਿਵਲ ਸਰਜਨਾਂ ਨੂੰ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਹੁਣ ਜੋ ਮਰੀਜ਼ ਐਮਰਜੈਂਸੀ '24 ਘੰਟਿਆਂ ਲਈ ਦਾਖਲ ਹੋਣਗੇ ਉਨ੍ਹਾਂ ਨੂੰ ਮਿਲਣ ਵਾਲੀ ਫਰੀ ਸੁਵਿਧਾ ਬੰਦ ਕਰ ਦਿੱਤੀ ਜਾਵੇ।


ਇਸ ਦੇ ਨਾਲ ਹੀ 1 ਸਾਲ ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਮੁਫਤ ਇਲਾਜ ਵੀ ਬੰਦ ਕਰ ਦਿੱਤਾ ਗਿਆ ਹੈ। ਇਹ ਹੁਕਮ ਭਲਕੇ ਤੋਂ ਸਰਕਾਰੀ ਹਸਪਤਾਲ 'ਚ ਲਾਗੂ ਹੋ ਜਾਣਗੇ, ਇਹ ਜਾਣਕਾਰੀ ਸੰਗਰੂਰ ਦੇ ਸਿਵਲ ਸਰਜਨ ਡਾ. ਰਾਜਕੁਮਾਰ ਨੇ ਦਿੱਤੀ। ਪਰ ਇਸ ਫ਼ਰਮਾਨ ਤੋਂ ਬਾਅਦ ਆਮ ਲੋਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ, ਜੋ ਕਹਿੰਦੇ ਹਨ ਕਿ ਪੰਜਾਬ ਸਰਕਾਰ ਆਪਣੇ ਖਜ਼ਾਨੇ ਨੂੰ ਭਰਨ ਲਈ ਇਹ ਸਭ ਕਰ ਰਹੀ ਹੈ।

ਸੰਗਰੂਰ ਦੇ ਸਿਵਲ ਸਰਜਨ ਰਾਜਕੁਮਾਰ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਦਾ ਇੱਕ ਪੱਤਰ ਮਿਲਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਐਮਰਜੈਂਸੀ ਵਿੱਚ 24 ਘੰਟੇ ਉਪਲੱਬਧ ਮੁਫਤ ਸਹੂਲਤਾਂ ਬੰਦ ਕਰ ਦਿੱਤੀਆਂ ਜਾਣ, ਪਰ ਇਸ ਫਰਮਾਨ ਕੱਲ੍ਹ ਤੋਂ ਲਾਗੂ ਕੀਤਾ ਜਾਵੇਗਾ।