ਨਵੀਂ ਦਿੱਲੀ: ਦੁਨੀਆ ਦੇ ਕਈ ਦੇਸ਼ਾਂ ਤੋਂ ਬਾਅਦ ਕੋਰੋਨਾਵਾਇਰਸ ਹੌਲੀ-ਹੌਲੀ ਭਾਰਤ ਵਿੱਚ ਫੈਲ ਰਿਹਾ ਹੈ। ਭਾਰਤ 'ਚ ਹੁਣ ਤਕ ਕੁਲ 29 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ। ਤਾਜ਼ਾ ਮਾਮਲਾ ਗੁੜਗਾਓ ਦਾ ਹੈ ਜਿੱਥੇ ਪੇਟੀਐਮ ਦਾ ਇੱਕ ਕਰਮਚਾਰੀ ਜਾਂਚ ਦੌਰਾਨ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਕੰਪਨੀ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ।

ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਰਮਚਾਰੀ ਹਾਲ ਹੀ ਵਿੱਚ ਇਟਲੀ ਤੋਂ ਛੁੱਟੀ ’ਤੇ ਆਇਆ ਸੀ, ਜੋ ਕੋਰੋਨੋਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਚੋਂ ਇੱਕ ਹੈ। ਬਿਆਨ ਮੁਤਾਬਕ ਪੇਟੀਐਮ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਅਗਲੇ ਕੁਝ ਦਿਨਾਂ ਲਈ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ, ਜਦੋਂ ਕਿ ਕੰਪਨੀ ਵੱਲੋਂ ਗੁੜਗਾਓ ਇਕਾਈ ਦੀ ਸਫਾਈ ਕੀਤੀ ਜਾ ਰਹੀ ਹੈ।

ਸਿਹਤ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਟਲੀ ਦੇ 21 ਚੋਂ 15 ਸੈਲਾਨੀ ਆਈਟੀਬੀਪੀ ਦੇ ਦਿੱਲੀ ਦੇ ਕੁਆਰੰਟੀਨ ਸੈਂਟਰ ਵਿਖੇ ਕੋਰੋਨਾਵਾਇਰਸ ਤੋਂ ਪੀੜਤ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਦੇਸ਼ 'ਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ '16 ਵਿਦੇਸ਼ੀ ਅਤੇ 13 ਭਾਰਤੀ ਹਨ।


ਕੇਂਦਰ ਸਰਕਾਰ ਨੇ ਇਸ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸਦੇ ਨਾਲ ਦਿੱਲੀ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਵੀ ਪੂਰੀ ਤਿਆਰੀ ਕਰ ਲਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀ ਅਗਵਾਈ ਹੇਠ ਇੱਕ ਟਾਸਕ ਫੋਰਸ ਬਣਾਈ ਗਈ ਹੈ।