ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਵਿੱਚ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਕੱਲ੍ਹ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਅੱਜ ਦਿੱਲੀ 'ਚ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।


ਇਸ ਤੋਂ ਪਹਿਲਾਂ ਪੀਸੀ ਚੱਕੋ ਨੇ ਕਿਹਾ, “ਕਾਂਗਰਸ ਪਾਰਟੀ ਦਾ ਪਤਨ 2013 'ਚ ਸ਼ੁਰੂ ਹੋਇਆ ਜਦੋਂ ਸ਼ੀਲਾ ਦੀਕਸ਼ਿਤ ਸੀਐਮ ਸੀ। ਨਵੀਂ ਪਾਰਟੀ ‘ਆਪ’ ਨੇ ਪੂਰੇ ਕਾਂਗਰਸ ਦੇ ਵੋਟ ਬੈਂਕ ਨੂੰ ਖੋਹ ਲਿਆ। ਅਸੀਂ ਇਸਨੂੰ ਕਦੇ ਵਾਪਸ ਹਾਸਲ ਨਹੀਂ ਕਰ ਸਕੇ। ਇਹ ਅਜੇ ਵੀ 'ਆਪ' ਕੋਲ ਹੀ ਹੈ।"

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼ਰਮਿਸ਼ਠਾ ਮੁਖਰਜੀ ਅਤੇ ਸੰਦੀਪ ਦੀਕਸ਼ਿਤ ਨੇ ਵੀ ਪਾਰਟੀ ਦੀ ਰਣਨੀਤੀ 'ਤੇ ਸਵਾਲ ਚੁੱਕੇ ਹਨ। ਸ਼ਰਮਿਸ਼ਠਾ ਮੁਖਰਜੀ ਨੇ ਕਿਹਾ ਹੈ ਕਿ ਭਾਜਪਾ ਪੱਖਪਾਤ ਕਰ ਰਹੀ ਹੈ ਅਤੇ ਕੇਜਰੀਵਾਲ 'ਸਮਾਰਟ ਰਾਜਨੀਤੀ' ਕਰ ਰਹੇ ਹਨ, ਅਸੀਂ ਕੀ ਕਰ ਰਹੇ ਹਾਂ?

ਮਰਹੂਮ ਸ਼ੀਲਾ ਦੀਕਸ਼ਤ ਦੇ ਬੇਟੇ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਕਿਹਾ, "ਨਤੀਜਿਆਂ ਨੇ ਉਨ੍ਹਾਂ ਨੂੰ ਹੈਰਾਨ ਨਹੀਂ ਕੀਤਾ ਅਤੇ ਪਾਰਟੀ ਅੰਦਰੂਨੀ ਰਾਜਨੀਤੀ ਦੇ ਕਾਰਨ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਅਸੀਂ ਕਿਤੇ ਨਹੀਂ ਸੀ। ਅਸੀਂ ਸ਼ੀਲਾ ਜੀ ਵੱਲੋਂ ਕੀਤੇ ਕੰਮਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਦੇਰ ਹੋ ਚੁੱਕੀ ਸੀ।" ਇਸਦੇ ਨਾਲ ਹੀ ਤੁਹਾਨੂੰ ਦੱਸ ਦਇਏ ਕਿ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ 24.55 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ ਸੀ।