ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਗ਼ਾਜ਼ੀਪੁਰ ਬਾਰਡਰ ਉੱਤੇ ਕਿਸਾਨਾਂ ਦੀ ਬੇਚੈਨੀ ਤੇ ਰੋਹ ਹੁਣ ਵਧਦੇ ਜਾ ਰਹੇ ਹਨ ਕਿਉਂਕਿ ਸਰਕਾਰ ਤੇ ਪੁਲਿਸ ਨੇ ਜਿੱਥੇ ਮੁੱਖ ਸੜਕਾਂ ਬੰਦ ਕਰ ਦਿੱਤੇ ਹਨ, ਉੱਥੇ ਕਈ ਕਿਸਾਨ ਮੁਜ਼ਾਹਰਾਕਾਰੀਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਗ਼ਾਜ਼ੀਪੁਰ ਬਾਰਡਰ ਉੱਤੇ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਸਰਕਾਰ ਵੱਲੋਂ ਭੇਜੇ ਨੋਟਿਸਾਂ ਉੱਤੇ ਨਾਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਇਹ ਨੋਟਿਸ 26 ਜਨਵਰੀ ਦੀ ਹਿੰਸਾ ਵਿੱਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਦੇ ਨਾਂ ਹੇਠ ਭੇਜੇ ਗਏ ਹਨ।

 

ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ‘ਪੁਲਿਸ ਤੇ ਕੇਂਦਰ ਸਰਕਾਰ ਨੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸਰਕਾਰ ਹਰ ਹਾਲਤ ਵਿੱਚ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹ ਰਹੀ ਹੈ। ਇਸ ਕਾਰਨ ਅੰਦੋਲਨਕਾਰੀ ਕਿਸਾਨਾਂ ਵਿੱਚ ਡਾਢਾ ਰੋਹ ਤੇ ਰੋਸ ਹੈ।'

 

ਆਈਏਐਨਐਸ ਦੀ ਰਿਪੋਰਟ ਵਿੱਚ ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇੱਕ ਔਰਤ ਨੂੰ ਵੀ ਨੋਟਿਸ ਮਿਲਿਆ ਹੈ, ਜੋ ਦਿੱਲੀ ਵਿੱਚ ਕੰਮ ਕਰਦੀ ਹੈ। ਅਜਿਹਾ ਸਿਰਫ਼ ਇਸ ਲਈ ਹੋਇਆ ਹੈ ਕਿਉਂਕਿ ਗਣਤੰਤਰ ਦਿਵਸ ਮੌਕੇ ਉਸ ਦਾ ਮੋਬਾਈਲ ਉਸੇ ਟਾਵਰ ਦੀ ਰੇਂਜ ਵਿੱਚ ਆਉਂਦਾ ਹੈ, ਜਿੱਥੇ ਕਿਸਾਨ ਅੰਦੋਲਨ ਕਰ ਰਹੇ ਸਨ। ਕਿਸਾਨ ਆਗੂਆਂ ਨੇ ਇਹ ਸਪੱਸ਼ਟ ਆਖ ਦਿੱਤਾ ਹੈ ਕਿ ਜਿਹੜੇ ਵੀ ਲੋਕਾਂ ਨੂੰ ਅਜਿਹੇ ਨੋਟਿਸ ਮਿਲੇ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇਣ ਤੋਂ ਇਨਕਾਰ ਕਰਨਾ ਚਾਹੀਦਾ ਹੈ। ਕਿਸਾਨਾਂ ਵੱਲੋਂ ਤੈਅ ਕੀਤਾ ਕਾਨੁੰਨੀ ਪੈਨਲ ਇਨ੍ਹਾਂ ਨੋਟਿਸਾਂ ਦਾ ਜਵਾਬ ਦੇਵੇਗਾ।

 

ਜਿਨ੍ਹਾਂ ਨੁੰ ਨੋਟਿਸ ਮਿਲੇ ਹਨ, ਉਨ੍ਹਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਕਿਸੇ ਵਕੀਲ ਦੀ ਮੌਜੂਦਗੀ ਤੋਂ ਬਗ਼ੈਰ ਕਦੇ ਵੀ ਕਿਸੇ ਜਾਂਚ ਵਿੱਚ ਸ਼ਾਮਲ ਨਾ ਹੋਣ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹੇ ਨੋਟਿਸ 100 ਤੋਂ ਵੱਧ ਕਿਸਾਨਾਂ ਨੂੰ ਮਿਲੇ ਹਨ। ਉਂਝ ਪੂਰੇ ਦੇਸ਼ ਦੇ 1,700 ਕਿਸਾਨਾਂ ਵਿਰੁੱਧ ਹਿੰਸਾ ਭੜਕਾਉਣ ਦੇ ਨੋਟਿਸ ਘੱਲੇ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਪੰਜਾਬ ਤੋਂ 10 ਵਕੀਲਾਂ ਦਾ ਇੱਕ ਪੈਨਲ ਗ਼ਾਜ਼ੀਪੁਰ ਬਾਰਡਰ ਅੱਜ ਸ਼ਾਮ ਤੱਕ ਪੁੱਜ ਜਾਵੇਗਾ। ਕਿਸਾਨਾਂ ਨੇ ਗ਼ਾਜ਼ੀਪੁਰ ਬਾਰਡਰ ਦੀਆਂ ਸੜਕਾਂ ਖੋਲ੍ਹਣ ਦੀ ਅਪੀਲ ਵੀ ਕੀਤੀ ਹੈ।