ਲੁਧਿਆਣਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਇਕਾਂਤਵਾਸ ‘ਚ ਰੱਖਣ ਲਈ 2500 ਬੈਡਾਂ ਦਾ ਇੰਤਜ਼ਾਮ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੇ ਕੋਰੋਨਾਵਾਇਰਸ ਪੌਜ਼ੇਟਿਵ ਏਸੀਪੀ ਦੀ ਸੁਰੱਖਿਆ ‘ਚ ਤਾਇਨਾਤ 5 ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੰਡਾਂ ਨੂੰ ਤੋਰ ਦਿੱਤਾ ਹੈ। ਹੁਣ ਪੁਲਿਸ ਕੋਲ ਇਸ ਗੱਲ ਦਾ ਕੋਈ ਢੁੱਕਵਾਂ ਜਵਾਬ ਨਹੀਂ ਕਿ ਸੂਬੇ ਦੇ ਪੰਜ ਵੱਖ-ਵੱਖ ਜ਼ਿਲ੍ਹਿਆਂ ਦੇ ਪੰਜ ਸੁਰੱਖਿਆ ਮੁਲਾਜ਼ਮਾਂ ਨੂੰ ਪਿੰਡ ਭੇਜ ਕੇ ਉੱਥੋਂ ਦੇ ਲੋਕਾਂ ਨੂੰ ਕਿਉਂ ਖ਼ਤਰੇ ‘ਚ ਪਾਇਆ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਚੋਂ ਕੋਈ ਪੌਜ਼ੇਟਿਵ ਨਹੀਂ, ਹਾਲੇ ਉਹ ਸ਼ੱਕੀ ਮਰੀਜ਼ ਹਨ। ਉਨ੍ਹਾਂ ਦੀ ਹਾਲੇ ਰਿਪੋਰਟ ਨਹੀਂ ਆਈ ਤੇ ਘਰ ‘ਚ ਹੀ ਉਨ੍ਹਾਂ ਦਾ ਸਹੀ ਢੰਗ ਨਾਲ ਧਿਆਨ ਰੱਖਿਆ ਜਾ ਸਕਦਾ ਹੈ। ਇਸ ਲਈ ਸੁਰੱਖਿਆ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੰਡਾਂ ‘ਚ ਇਕਾਂਤਵਾਸ ਕੀਤਾ ਗਿਆ ਹੈ। ਜਦਕਿ ਥਾਣਾ ਡਿਵੀਜ਼ਨ ਨੰਬਰ 8 ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਏਸੀਪੀ ਦੇ ਰੀਡਰ ਨੇ ਮੁਲਾਜ਼ਮਾਂ ਨੂੰ ਪਿੰਡ ਜਾਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਐਤਵਾਰ ਦੇਰ ਰਾਤ ਲੁਧਿਆਣਾ ਦੇ ਏਸੀਪੀ (ਉੱਤਰੀ) ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਉਨ੍ਹਾਂ ਦੀ ਰਿਪੋਰਟ ਆਉਂਦੇ ਹੀ ਪੁਲਿਸ ਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਸਟਾਫ਼ ਨੂੰ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਅੱਠ ਮੁਲਾਜ਼ਮਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਦੇ ਇਕਾਂਤਵਾਸ ਲਈ ਕਹਿ ਦਿੱਤਾ ਗਿਆ। ਮੁਲਾਜ਼ਮ ਹੁਣ ਆਪਣੇ ਪਰਿਵਾਰ ਦੀ ਸਿਹਤ ਬਾਰੇ ਵੀ ਪ੍ਰੇਸ਼ਾਨ ਹਨ ਤੇ ਪਿੰਡ ਵਾਸੀ ਵੀ ਇਤਰਾਜ਼ ਜ਼ਾਹਿਰ ਕਰ ਰਹੇ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੁਧਿਆਣਾ ਪੁਲਿਸ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਨੂੰ ਗਲਤ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਤਕ ਰਿਪੋਰਟ ਨਹੀਂ ਆਉਂਦੀ, ਮੁਲਾਜ਼ਮਾਂ ਨੂੰ ਲੁਧਿਆਣਾ ‘ਚ ਹੀ ਕਿਸੇ ਹਸਪਤਾਲ ਜਾਂ ਹੋਰ ਥਾਂ ’ਤੇ ਇਕਾਂਤਵਾਸ ਕਰਨਾ ਚਾਹੀਦਾ ਸੀ, ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਦੋਸ਼ੀ ਪਾਏ ਜਾਣ ਵਾਲੇ ਅਫ਼ਸਰ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਏਗੀ।
ਪੰਜਾਬ ਪੁਲਿਸ ਦਾ ਕਾਰਾ, ਲੋਕਾਂ 'ਤੇ ਸਖਤੀ ਆਪਣਿਆਂ ਨੂੰ ਚੁੱਪ-ਚੁਪੀਤੇ ਘਰ ਤੋਰਿਆ
ਏਬੀਪੀ ਸਾਂਝਾ
Updated at:
16 Apr 2020 03:41 PM (IST)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਇਕਾਂਤਵਾਸ ‘ਚ ਰੱਖਣ ਲਈ 2500 ਬੈਡਾਂ ਦਾ ਇੰਤਜ਼ਾਮ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੇ ਕੋਰੋਨਾਵਾਇਰਸ ਪੌਜ਼ੇਟਿਵ ਏਸੀਪੀ ਦੀ ਸੁਰੱਖਿਆ ‘ਚ ਤਾਇਨਾਤ 5 ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੰਡਾਂ ਨੂੰ ਤੋਰ ਦਿੱਤਾ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -