ਯਾਦਵਿੰਦਰ ਸਿੰਘ ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ 'ਸਿਆਸੀ ਸਵੈਗ' ਤੋਂ ਰਾਹੁਲ ਗਾਂਧੀ ਕਿਉਂ ਔਖੇ ਹਨ ? ਕੀ ਕੈਪਟਨ ਖ਼ਿਲਾਫ ਕੁਰਸੀ ਦੀ ਲੜਾਈ 'ਚ ਸਿਆਸੀ ਜ਼ਮੀਨ ਤਿਆਰ ਹੋ ਚੁੱਕੀ ਹੈ ? ਸ਼ਾਇਦ ਇਸੇ ਕਰਕੇ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਦੁਲਾਰੇ ਕੈਪਟਨ ਨੂੰ ਕਿਉਂ ਵੰਗਾਰ ਰਹੇ ਹਨ? ਸਭ ਤੋਂ ਅਹਿਮ ਗੱਲ ਇਹ ਹੈ ਕਿ 40 ਵਿਧਾਇਕਾਂ ਦੇ ਮਜੀਠੀਆ ਖ਼ਿਲਾਫ ਪੱਤਰ ਤੋਂ ਬਾਅਦ ਰਾਹੁਲ ਗਾਂਧੀ ਦਾ ਕੈਪਟਨ ਪ੍ਰਤੀ ਨਜ਼ਰੀਆ ਬਦਲਿਆ ਹੈ। ਰਾਣਾ ਗੁਰਜੀਤ ਦੀ ਸਿਆਸੀ ਬਲੀ ਇਸੇ ਸਿਆਸਤ 'ਚੋਂ ਲਈ ਗਈ ਹੈ। 2002 ਤੋਂ 2007 ਦੀ ਕਾਂਗਰਸ ਸਰਕਾਰ 'ਚ ਕੈਪਟਨ ਦਾ ਸਿਆਸੀ ਰੁਤਬਾ ਵੱਡਾ ਸੀ। ਉਨ੍ਹਾਂ ਪਾਣੀਆਂ ਦੇ ਮਸਲੇ 'ਤੇ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਉੱਪਰ ਹੋ ਕੇ ਫੈਸਲਾ ਲਿਆ ਸੀ। 6 ਮਹੀਨੇ ਸੋਨੀਆ ਨਾਲ ਨਾਰਾਜ਼ਗੀ ਵੀ ਰਹੀ ਪਰ ਕੈਪਟਨ ਆਪਣੇ ਰਾਜਸ਼ਾਹੀ ਅੰਦਾਜ਼ 'ਚੋਂ ਟੱਸ ਤੋਂ ਮੱਸ ਨਾ ਹੋਏ। ਉਨ੍ਹਾਂ ਰਜਿੰਦਰ ਕੌਰ ਭੱਠਲ ਆਦਿ ਦੀਆਂ ਬਗਾਵਤਾਂ ਨੂੰ ਕੱਖ ਨਾ ਸਮਝਿਆ ਤੇ ਹਾਈਕਮਾਨ ਨੂੰ ਸਿੱਧੇ-ਅਸਿੱਧੇ ਵੰਗਾਰਦੇ ਰਹੇ। ਇਸ ਵਾਰ ਅਜਿਹਾ ਕੀ ਹੋ ਗਿਆ ਕਿ ਕੈਪਟਨ ਅਮਰਿੰਦਰ ਨੂੰ ਹਾਈਕਮਾਨ ਤੇ ਸਥਾਨਕ ਕਾਂਗਰਸੀ ਅੱਖਾਂ ਦਿਖਾ ਰਹੇ ਹਨ! ਦਰਅਸਲ ਰਾਣਾ ਗੁਰਜੀਤ ਦਾ ਅਸਤੀਫਾ ਲੈ ਕੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਦਾ ਸਿਆਸੀ ਕੱਦ ਘਟਾ ਦਿੱਤਾ ਹੈ। ਦੂਜੇ ਪਾਸੇ ਰਾਹੁਲ ਦੇ ਫੈਸਲੇ ਤੋਂ ਤੁਰੰਤ ਬਾਅਦ ਰਾਜ ਸਭਾ ਮੈਂਬਰ ਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਖ਼ਿਲਾਫ ਸਿੱਧੇ ਬਗਾਵਤੀ ਸੁਰ ਅਪਣਾਏ। ਤੀਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਗੱਲ ਸਿਰੇ ਹੀ ਲਾ ਦਿੱਤੀ ਕਿ ਮੇਅਰਾਂ ਦੀ ਚੋਣਾਂ ਬਾਰੇ ਮੇਰੀ ਕੋਈ ਰਾਇ ਹੀ ਨਹੀਂ ਲਈ ਗਈ। ਮੈਂ ਬਿਨਾਂ ਬੁਲਾਏ ਸਿਰਫ਼ ਹਰਿਮੰਦਰ ਸਾਹਿਬ ਜਾਂਦਾ ਹਾਂ। ਅਸਲ ਵਿੱਚ ਕੈਪਟਨ ਨੂੰ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ ਲਿਖੇ 40 ਵਿਧਾਇਕਾਂ ਦੇ ਪੱਤਰ ਤੋਂ ਬਾਅਦ ਹੁਣ ਬਹੁਤੇ ਕਾਂਗਰਸੀ ਵਿਧਾਇਕਾਂ ਦੀਆਂ ਤਾਰਾਂ ਦਿੱਲੀਓਂ ਹਿੱਲ ਰਹੀਆਂ ਹਨ। ਇਸੇ ਲਈ ਰਾਹੁਲ ਦੇ ਖਾਸ-ਮ-ਖਾਸ ਬਾਜਵਾ ਤੇ ਸਿੱਧੂ ਖੁੱਲ੍ਹੇ ਤੌਰ 'ਤੇ ਕੈਪਟਨ ਖ਼ਿਲਾਫ ਖੜ੍ਹੇ ਹੋਏ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਹੁਣ ਰਾਹੁਲ ਨੇ ਸੁਨੀਲ ਜਾਖੜ ਨੂੰ ਸ਼ਿੰਗਾਰ ਲਿਆ ਹੈ ਜਦੋਂਕਿ ਜਾਖੜ ਕਦੇ ਕੈਪਟਨ ਦੇ ਬੇਹੱਦ ਕਰੀਬੀ ਰਹੇ ਹਨ। ਇਹ ਵੀ ਸੱਚ ਹੈ ਕਿ 40 ਵਿਧਾਇਕਾਂ 'ਚ ਉਹ ਜ਼ਿਆਦਾ ਹਨ ਜੋ ਕੈਪਟਨ ਦੇ ਖਾਸ-ਮ-ਖਾਸ ਰਹੇ ਹਨ ਪਰ ਹੁਣ ਅੰਦਰਖਾਤੇ ਬੇਹੱਦ ਨਾਰਾਜ਼ ਹਨ। ਇਨ੍ਹਾਂ 'ਚ ਸੁਖਜਿੰਦਰ ਰੰਧਾਵਾ ਤੇ ਸੁਖਬਿੰਦਰ ਸਰਕਾਰੀਆਂ ਵਰਗੇ ਲੀਡਰ ਸ਼ੁਮਾਰ ਹਨ। ਉਧਰ ਸੁਖਪਾਲ ਖਹਿਰਾ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ 40 ਵਿਧਾਇਕ ਲੈ ਕੇ ਸਰਕਾਰ ਬਣਾਉਣ ਲਈ ਤਿਆਰ ਹੋਣ ਤੇ ਆਮ ਆਦਮੀ ਪਾਰਟੀ ਦੇ 20 ਵਿਧਾਇਕ ਉਨ੍ਹਾਂ ਨੂੰ ਹਮਾਇਤ ਕਰਨਗੇ। ਕੀ ਸੱਚਮੁੱਚ ਕਦੇ ਅਜਿਹੀ ਸਿਆਸੀ ਖਿੱਚੜੀ ਪੱਕ ਸਕਦੀ ਹੈ? ਕੀ ਰਾਹੁਲ ਗਾਂਧੀ ਵੀ ਇਸੇ ਨੂੰ ਦੇਖਦਿਆਂ ਕੈਪਟਨ ਖ਼ਿਲਾਫ ਮਾਹੌਲ ਤਿਆਰ ਕਰ ਰਹੇ ਹਨ? ਕਾਂਗਰਸ ਦੀ ਲੜਾਈ ਹੁਣ ਕਾਂਗਰਸ ਨਾਲ ਹੈ। ਦੇਖਣਾ ਇਹ ਹੈ ਕਿ ਕਾਂਗਰਸ ਦੇ ਭਵਿੱਖ 'ਚ ਕਿਸ ਤਰ੍ਹਾਂ ਦੀਆਂ ਸਿਆਸੀ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।