ਸੰਗਰੂਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਸ਼ਨੀਵਾਰ ਨੂੰ ਪਿੰਡ ਖੇਤਲਾ ਵਿਖੇ ਡਰੋਨ ਜ਼ਰੀਏ ਜ਼ਮੀਨ ਮੈਪਿੰਗ ਸ਼ੁਰੂ ਕਰਵਾ ਕੇ ਸਬਡਵੀਜਨ ਦਿੜ੍ਹਬਾ ‘ਚ ‘ਮੇਰਾ ਘਰ ਮੇਰੇ ਨਾਮ‘ ਸਕੀਮ ਦੀ ਰਸਮੀ ਸ਼ੁਰੂਆਤ ਕਰਵਾਈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਸੁਹਿਰਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ।


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੜ੍ਹਬਾ ਸਬਡਵੀਜ਼ਨ ਦੇ ਪਿੰਡਾਂ ਵਿੱਚ ਲਾਲ ਲਕੀਰ ਦੇ ਘੇਰੇ ਵਿਚ ਆਉਦੇਂ ਘਰਾਂ ਦੇ ਮਾਲਕਾਨਾ ਹੱਕ ਦੇਣ ਦੀ ਪ੍ਰਕਿਰਿਆ ਤਹਿਤ ਨਿਸ਼ਾਨਦੇਹੀ ਕਰਾਉਣ ਉਪਰੰਤ ਡਰੋਨ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਬਣਨ ਵਾਲੇ ਨਕਸ਼ਿਆਂ ਦੇ ਆਧਾਰ ਉਤੇ ਡੋਰ ਟੂ ਡੋਰ ਸਰਵੇਖਣ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਜਨਤਕ ਤੌਰ ‘ਤੇ ਇਤਰਾਜ਼ ਮੰਗੇ ਜਾਣਗੇ ਅਤੇ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਘਰਾਂ ਦੇ ਮਾਲਕਾਂ ਨੂੰ ਸਰਟੀਫਿਕੇਟ ਦੇ ਕੇ ਮਾਲਕਾਨਾ ਹੱਕ ਦਿੱਤੇ ਜਾਣਗੇ।



ਹਰਪਾਲ ਸਿੰਘ ਚੀਮਾ ਨੇ ਅਪੀਲ ਕੀਤੀ ਕਿ ਜਦੋਂ ਵੀ ਕੋਈ ਸਬੰਧਤ ਅਧਿਕਾਰੀ ਮਾਲਕਾਨਾ ਹੱਕ ਮੁਹੱਈਆ ਕਰਵਾਉਣ ਸਬੰਧੀ ਪਿੰਡਾਂ ਵਿਚ ਵੱਖ ਵੱਖ ਵੇਰਵੇ ਪ੍ਰਾਪਤ ਕਰਨ ਲਈ ਆਉਂਦਾ ਹੈ ਤਾਂ ਅਧਿਕਾਰੀ ਨੂੰ ਪੂਰਨ ਸਹਿਯੋਗ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਦਾ ਲੋਕਾਂ ਨੂੰ ਭਰਪੂਰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਘਰਾਂ ਦੇ ਮਾਲਕਾਨਾ ਹੱਕ ਮਿਲਣ ਨਾਲ ਪਿੰਡਾਂ ਦੇ ਲੋਕ ਸੰਪਤੀ ਆਧਾਰਤ ਵੱਖ-ਵੱਖ ਤਰ੍ਹਾਂ ਦੇ ਵਿੱਤੀ ਲਾਭ ਜਿਵੇਂ ਜ਼ਰੂਰਤਾਂ ਲਈ ਕਰਜ਼ਾ ਆਦਿ ਵੀ ਲੈ ਸਕਣਗੇ। 


ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਐਸ.ਡੀ.ਐਮ. ਦਿੜ੍ਹਬਾ ਰਾਜੇਸ਼ ਕੁਮਾਰ ਸ਼ਰਮਾ, ਡੀਐਸਪੀ ਪ੍ਰਿਥਵੀ ਸਿੰਘ ਚਾਹਲ, ਤਹਿਸੀਲਦਾਰ ਜਿਨਸੂ ਬਾਂਸਲ, ਐਸ.ਐਚ.ਓ. ਗੁਰਪ੍ਰਤਾਪ ਸਿੰਘ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਆਪ ਆਗੂ ਅਤੇ ਗ੍ਰਾਮ ਪੰਚਾਇਤ ਖੇਤਲਾ ਦੀਆਂ ਮੋਹਤਬਰ ਸਖਸ਼ੀਅਤਾਂ ਵੀ ਹਾਜ਼ਰ ਸਨ।