ਪਿਓਂਗਯਾਂਗ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਮੁੜ ਤੋਂ ਚਰਚਾ ਵਿੱਚ ਆ ਗਏ ਹਨ। ਇਸ ਵਾਰ ਕਾਰਨ ਉਹ ਨਹੀਂ ਬਲਕਿ ਉਨ੍ਹਾਂ ਦੇ ਪਿਓ-ਦਾਦਾ ਕਰਕੇ ਚਰਚਾ ਛਿੜ ਗਈ ਹੈ। ਉੱਤਰ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਮੇਨ ਸਕੁਏਅਰ ਵਿੱਚ ਕਿਮ ਦੇ ਪਿਤਾ ਤੇ ਦਾਦਾ ਦੀਆਂ ਲੱਗੀਆਂ ਵੱਡੀਆਂ-ਵੱਡੀਆਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ।


ਆਮ ਤੌਰ 'ਤੇ ਅਜਿਹਾ ਨਹੀਂ ਹੁੰਦਾ। ਜੇਕਰ ਉੱਥੇ ਕੋਈ ਹੋਰ ਤਸਵੀਰ ਵੀ ਲਾਉਣੀ ਹੁੰਦੀ ਹੈ ਤਾਂ ਵੀ ਪੁਰਾਣੀਆਂ ਤਸਵੀਰਾਂ ਨੂੰ ਨਹੀਂ ਹਟਾਇਆ ਜਾਂਦਾ। ਆਖ਼ਰੀ ਵਾਰ ਅਜਿਹਾ ਉਦੋਂ ਕੀਤਾ ਗਿਆ ਸੀ, ਜਦੋਂ ਕਿਮ ਦੇ ਪਿਤਾ ਕਿਮ ਜੋਂਗ ਇਲ ਦੀ ਮੌਤ ਹੋਈ ਸੀ। ਹੁਣ ਕਿਆਸ ਲਾਏ ਜਾ ਰਹੇ ਹਨ ਕਿ ਹੁਣ ਉੱਥੇ ਤੀਜੀ ਤਸਵੀਰ ਕਿਸ ਦੀ ਲੱਗੇਗੀ।

ਸਿਓਲ ਦੇ ਐਨਕੇ ਨਿਊਜ਼ ਮੁਤਾਬਕ, ਜਿੱਥੋਂ ਇਹ ਤਸਵੀਰਾਂ ਹਟਾਈਆਂ ਗਈਆਂ ਹਨ, ਉੱਥੇ ਮੁਰੰਮਤ ਕੀਤੀ ਜਾ ਰਹੀ ਹੈ। ਜਦਕਿ ਦੂਜੇ ਪਾਸੇ ਅੰਗ੍ਰੇਜ਼ੀ ਨਿਊਜ਼ ਪੋਰਟਲ ਐਕਸਪ੍ਰੈਸ ਡੌਟ ਯੂਕੇ ਨੇ ਦੱਸਿਆ ਕਿ ਰੈਨੋਵੇਸ਼ਨ ਲਈ ਵੀ ਪੋਰਟ੍ਰੇਟ ਨਹੀਂ ਉਤਾਰੇ ਜਾਂਦੇ। ਖ਼ਬਰ ਮੁਤਾਬਕ ਪਿਛਲੀ ਵਾਰ ਮੁਰੰਮਤ ਵੀ ਉਦੋਂ ਹੋਈ ਸੀ ਜਦ ਕਿਮ ਦੇ ਪਿਤਾ ਦਾ ਪੋਰਟ੍ਰੇਟ ਲਾਇਆ ਜਾਣਾ ਸੀ। ਅਦਾਰੇ ਨੇ ਖ਼ਦਸ਼ਾ ਜਤਾਇਆ ਕਿ ਹੋ ਸਕਦਾ ਹੈ ਕਿ ਕਿਮ ਦੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੋਈ ਹੋਵੇ ਜਿਸ ਦਾ ਪੋਰਟ੍ਰੇਟ ਇੱਥੇ ਲਾਇਆ ਜਾਣਾ ਹੋਵੇ।

ਜ਼ਿਕਰਯੋਗ ਹੈ ਕਿ ਕਿਮ ਜੋਂਗ ਉਨ ਨੂੰ ਬੀਤੀ ਦੋ ਮਈ ਤੋਂ ਬਾਅਦ ਨਹੀਂ ਦੇਖਿਆ ਗਿਆ ਹੈ। ਉਨ੍ਹਾਂ ਦੀ ਆਖ਼ਰੀ ਝਲਕ ਤੋਂ ਪਹਿਲਾਂ ਵੀ ਕਿਮ ਦੀ ਮੌਤ ਦੀਆਂ ਅਫਵਾਹਾਂ ਉੱਡੀਆਂ ਸਨ। ਪਰ ਹੁਣ ਅਟਕਲਾਂ ਦਾ ਬਾਜ਼ਾਰ ਮੁੜ ਤੋਂ ਗਰਮ ਹੋ ਗਿਆ ਹੈ।