ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ। ਜਿਸ ਤਹਿਤ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਲਗਾਤਾਰ ਛੇ ਮਹੀਨਿਆਂ ਤੋਂ ਕਿਸਾਨਾਂ ਦਾ ਪੱਕਾ ਮੋਰਚਾ ਲੱਗਿਆ ਹੋਇਆ ਹੈ। ਇਥੇ ਹਰ ਖਾਸ ਦਿਹਾੜੇ ਨੂੰ ਕਿਸਾਨਾਂ ਵਲੋਂ ਮਨਾਇਆ ਜਾਂਦਾ ਹੈ। ਇਸੇ ਤਹਿਤ ਅੱਜ ਸਿੱਖਾਂ ਦੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਕਿਸਾਨਾਂ ਵਲੋਂ ਅੱਜ ਸਟੇਜ ਖਾਲੀ ਰੱਖੀ ਗਈ ਅਤੇ ਸਾਰੇ ਕਿਸਾਨ ਆਗੂ ਹੇਠਾਂ ਬੈਠੇ। ਕਿਸਾਨ ਆਗੂਆਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਮੁਗਲ ਹਕੂਮਤ ਲੋਕਾਂ ’ਤੇ ਅੱਤਿਆਚਾਰ ਕਰਦੀ ਸੀ। 

 

ਉਨ੍ਹਾਂ ਕਿਹਾ ਉਸ ਵੇਲੇ ਲੋਕਾਂ ’ਤੇ ਧਰਮ ਆਧਾਰਿਤ ਜ਼ੁਲਮ ਕੀਤਾ ਜਾਂਦਾ ਸੀ। ਜਿਸ ਕਰਕੇ ਹਿੰਦੂ ਸਮਾਜ ਦੀ ਰਾਖ਼ੀ ਲਈ ਗੁਰੂ ਸਾਹਿਬ ਨੇ ਆਪਣੀ ਅਦੁੱਤੀ ਸ਼ਹਾਦਤ ਦਿੱਤੀ। ਅੱਜ ਵੀ ਦੇਸ਼ ਵਿੱਚ ਮਾਹੌਲ ਉਸ ਸਮੇਂ ਵਰਗਾ ਹੈ। ਅੱਜ ਫ਼ਰਕ ਸਿਰਫ਼ ਇਹ ਹੈ ਕਿ ਮੁਗਲ਼ਾਂ ਦੀ ਥਾਂ ਮੋਦੀ ਹਕੂਮਤ ਨੇ ਲੈ ਲਈ ਹੈ। ਅੱਜ ਮੋਦੀ ਹਕੂਮਤ ਧਰਮ ਦੇ ਨਾਮ ’ਤੇ ਲੋਕਾਂ ਨੂੰ ਲੜਾ ਕੇ ਜ਼ੁਲਮ ਕਰ ਰਹੀ ਹੈ। ਇਸੇ ਸਿਲਸਿਲੇ ਤਹਿਤ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ’ਤੇ ਜ਼ਬਰ ਕੀਤਾ ਜਾ ਰਿਹਾ ਹੈ। ਜਿਸ ਦਾ ਗੁਰੂ ਤੇਗ ਬਹਾਦਰ ਜੀ ਦੇ ਵਾਰਸ ਡੱਟ ਕੇ ਵਿਰੋਧ ਕਰ ਰਹੇ ਹਨ। 

 

ਕਿਸਾਨਾਂ ਨੇ ਕਿਹਾ ਕੇਂਦਰ ਸਰਕਾਰ ਵਲੋਂ ਫ਼ਸਲਾਂ ਦੀ ਸਿੱਧੀ ਅਦਾਇਗੀ ਦੇ ਫ਼ੈਸਲੇ ਸਬੰਧੀ ਕਿਸਾਨਾਂ ਨੇ ਕਿਹਾ ਕਿ ਇਹ ਫ਼ੈਸਲਾ ਕਿਸਾਨ ਵਿਰੋਧੀ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਵਲੋਂ ਅਜਿਹਾ ਫ਼ੈਸਲਾ ਕਰਨ ਨਾਲ ਆੜਤੀਆਂ ਅਤੇ ਕਿਸਾਨਾਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਹੈ। ਆੜਤੀਆਂ ਅਤੇ ਕਿਸਾਨਾਂ ਦਾ ਆਪਸ ਵਿੱਚ ਨਹੁੰ ਮਾਸ ਦਾ ਰਿਸ਼ਤਾ ਹੈ। ਜਿਸ ਨੂੰ ਕੇਂਦਰ ਸਰਕਾਰ ਖ਼ਤਮ ਕਰਨਾ ਚਾਹੁੰਦੀ ਹੈ। ਪਰ ਕਿਸਾਨ ਆਪਣੀਆਂ ਫ਼ਸਲਾਂ ਦੀ ਅਦਾਇਗੀ ਆੜਤੀਆਂ ਰਾਹੀਂ ਹੀ ਲੈਣਾ ਚਾਹੁੰਦੇ ਹਨ। ਕਿਉਂਕਿ ਕਿਸਾਨ ਦੇ ਹਰ ਦੁੱਖ ਸੁੱਖ ਵਿੱਚ ਆੜਤੀਏ ਹੀ ਕੰਮ ਆਉਂਦੇ ਹਨ।