ਚੰਡੀਗੜ੍ਹ: ਦਿੱਲੀ ਸਰਕਾਰ ਨੇ ਹੁਣ ਤੋਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਅਹਿਮ ਹੋਣਗੀਆਂ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਮੰਨਿਆ ਜਾ ਰਿਹਾ ਹੈ। ਬੇਅਦਬੀ ਮਾਮਲਿਆਂ ਮਗਰੋਂ ਟਕਸਾਲੀ ਲੀਡਰਾਂ ਦੀ ਬਗਾਵਤ ਦਾ ਅਸਰ ਇਨ੍ਹਾਂ ਚੋਣਾਂ ਵਿੱਚ ਵੇਖਣ ਨੂੰ ਮਿਲੇਗਾ। ਇਹ ਚੋਣਾਂ ਹੀ ਅਕਾਲੀ ਦਲ ਦੀ ਪੰਥਕ ਅਗਵਾਈ ਤੈਅ ਕਰਨਗੀਆਂ।


ਇਸ ਸਬੰਧੀ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਸਿੱਖ ਰਾਜਨੀਤਕ ਪਾਰਟੀਆਂ ਨਾਲ ਜਾਇਜ਼ਾ ਮੀਟਿੰਗ ਕੀਤੀ। ਇਸ 'ਚ ਸੁਝਾਅ ਦਿੱਤਾ ਕਿ ਬੱਚਿਆਂ ਦੀ ਅਗਲੇ ਸਾਲ ਮਾਰਚ ਵਿੱਚ ਪ੍ਰੀਖਿਆ ਹੋਵੇਗੀ। ਇਨ੍ਹਾਂ ਸਥਿਤੀ ਵਿੱਚ ਚੋਣ ਮਿਤੀ ਦਾ ਐਲਾਨ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ।




ਇਸ ਦੇ ਨਾਲ ਹੀ ਸਮੀਖਿਆ ਮੀਟਿੰਗ ਵਿੱਚ ਮੰਤਰੀ ਨੂੰ ਫੋਟੋ ਪਛਾਣ ਪੱਤਰ ਬਣਾਉਣ ਦਾ ਸੁਝਾਅ ਵੀ ਦਿੱਤਾ ਗਿਆ। ਰਜਿਸਟਰਡ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਜਗ ਆਸਰਾ ਗੁਰੂ ਓਟ ਪਾਰਟੀ ਦੇ ਮੈਂਬਰ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਵਿੱਚ ਡੀਐਸਜੀਐਮਸੀ ਚੋਣਾਂ ਨੂੰ ਪਾਰਦਰਸ਼ੀ ਤੇ ਨਿਰਪੱਖ ਬਣਾਉਣ ਦੇ ਦਿੱਤੇ ਗਏ ਸੁਝਾਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੁਝਾਅ ਮਿਲਣ ਤੋਂ ਬਾਅਦ ਸਰਕਾਰ ਜਲਦੀ ਹੀ ਇਸ 'ਤੇ ਆਪਣੀ ਰਾਏ ਦੇਵੇਗੀ।




ਸਰਕਾਰ ਨੂੰ ਇਹ ਸੁਝਾਅ ਦਿੱਤੇ ਗਏ। ਚੋਣਾਂ ਲਈ ਫੋਟੋ ਵੋਟਰ ਸੂਚੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਆਨਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਨਵੇਂ ਤੇ ਪੁਰਾਣੇ ਵੋਟਰਾਂ ਨੂੰ ਸੂਚੀ ਵਿੱਚ ਆਪਣੇ ਨਾਂ ਸ਼ਾਮਲ ਕਰਨ ਤੇ ਹਟਾਉਣ ਲਈ ਬਿਨੈ-ਪੱਤਰ ਦੀ ਸਹੂਲਤ ਮਿਲੇ। ਗੁਰਦੁਆਰਾ ਚੋਣ ਵਿਭਾਗ ਨੂੰ ਵੋਟਰ ਸੂਚੀ ਵਿੱਚ ਨਾਂ ਸ਼ਾਮਲ ਕਰਨ ਤੇ ਹਟਾਉਣ ਬਾਰੇ ਫੈਸਲਾ ਕਰਨਾ ਚਾਹੀਦਾ ਹੈ। ਜੇ ਦੋ ਰਾਜਾਂ 'ਚ ਵੋਟਰ ਸੂਚੀ 'ਚ ਕੋਈ ਨਾਂ ਹੈ, ਤਾਂ ਇਹ ਸਿਰਫ ਇੱਕ ਰਾਜ 'ਚ ਹੋਣਾ ਚਾਹੀਦਾ ਹੈ। ਮਾਰਚ 2021 'ਚ ਪ੍ਰਸਤਾਵਿਤ ਚੋਣਾਂ ਦੌਰਾਨ 10ਵੀਂ ਤੇ 12ਵੀਂ ਕਲਾਸਾਂ ਦੀਆਂ ਬੋਰਡ ਪ੍ਰੀਖਿਆਵਾਂ ਹਨ।