ਜੀਂਦ: ਹਰਿਆਣਾ ਵਿੱਚ ਕਤਲ ਤੇ ਲੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਹਰਿਆਣਾ ਦੇ ਜੀਂਦ ਤੋਂ ਸਾਹਮਣੇ ਆਇਆ ਹੈ ਜਿਥੇ ਅੱਜ ਸਵੇਰੇ ਸੈਰ ਲਈ ਨਿਕਲੇ ਸਕੂਲ ਆਪਰੇਟਰ ਨੂੰ ਗੋਲੀ ਮਾਰ ਦਿੱਤੀ ਗਈ। ਦੋ ਸਾਲ ਪਹਿਲਾਂ ਉਸ ਦੇ ਬੇਟੇ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਕਤਲ ਦੀ ਜੋ ਘਟਨਾ ਅੱਜ ਵਾਪਰੀ, ਉਸ ਨੂੰ ਪੁੱਤਰ ਦੇ ਕਤਲ ਦੀ ਘਟਨਾ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਇੱਕ-ਦੋ ਦਿਨਾਂ ਵਿੱਚ ਪੁੱਤਰ ਦੀ ਹੱਤਿਆ ਦੇ ਮਾਮਲੇ ਵਿੱਚ ਗਵਾਹੀ ਦਿੱਤੀ ਜਾਣੀ ਸੀ।
ਜੀਂਦ ਦੇ ਪਿੰਡ ਹਲੀਪੁਰਾ ਵਿੱਚ ਮਹਾਰਿਸ਼ੀ ਦਯਾਨੰਦ ਸੀਨੀਅਰ ਸੈਕੰਡਰੀ ਸਕੂਲ ਚਲਾ ਰਿਹਾ 48 ਸਾਲਾ ਸੁਰੇਸ਼ ਕੁਮਾਰ ਆਮ ਵਾਂਗ ਸਕੂਲ ਦੇ ਨੇੜੇ ਸਵੇਰ ਦੀ ਸੈਰ ਕਰ ਰਿਹਾ ਸੀ, ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੇਸ਼ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਆਂਢੀਆਂ ਨੇ ਉਸ ਨੂੰ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਤਾ ਲੱਗਿਆ ਹੈ ਕਿ ਤਕਰੀਬਨ ਦੋ ਸਾਲ ਪਹਿਲਾਂ ਉਸ ਦੇ 21 ਸਾਲਾ ਬੇਟੇ ਸਾਹਿਲ ਦਾ ਚਾਕੂ ਨਾਲ ਰੋਹਤਕ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪਿਤਾ ਪੁੱਤਰ ਦੇ ਕਤਲ ਦਾ ਗਵਾਹ ਸੀ। ਬੇਟੇ ਦੇ ਕਤਲ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ। ਸੁਰੇਸ਼ ਨੇ ਇੱਕ ਦੋ ਦਿਨਾਂ ਵਿੱਚ ਫਿਰ ਗਵਾਹੀ ਦੇਣੀ ਸੀ, ਪਰ ਗਵਾਹੀ ਦੇਣ ਤੋਂ ਪਹਿਲਾਂ ਸੁਰੇਸ਼ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ।