'ਆਪ' ਨੇ ਕਣਕ ਦੀ ਸਮੇਂ ਸਿਰ ਅਦਾਇਗੀ ਨਾ ਹੋਣ ‘ਤੇ ਚੁੱਕੇ ਸਵਾਲ, ਮੰਡੀਆਂ ਦੀ ਬਦਹਾਲੀ ਲਈ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਏਬੀਪੀ ਸਾਂਝਾ | 28 Apr 2020 08:20 PM (IST)
ਕਣਕ ਦੀ ਫ਼ਸਲ ਦਾ ਸਮੇਂ ਸਿਰ ਭੁਗਤਾਨ ਨਾ ਹੋਣ ਅਤੇ ਮੰਡੀਆਂ ‘ਚ ਬੇਹੱਦ ਢਿੱਲੇ ਲਿਫ਼ਟਿੰਗ ਪ੍ਰਬੰਧਾਂ ਕਾਰਨ ਕਿਸਾਨਾਂ, ਮਜ਼ਦੂਰਾਂ-ਪੱਲੇਦਾਰਾਂ, ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪੁਰਾਣੀ ਤਸਵੀਰ
ਚੰਡੀਗੜ੍ਹ: 'ਆਪ' ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਅੰਕੜਿਆਂ ਦਾ ਹਵਾਲਾ ਦੇ ਕਿਹਾ ਕਿ ਸੂਬੇ ਦੀਆਂ ਮੰਡੀਆਂ (Punjab's mandi) ਚੋਂ ਔਸਤਨ 50 ਫੀਸਦ ਕਣਕ ਦੀ ਹੀ ਲਿਫ਼ਟਿੰਗ (wheat lifting) ਹੋਈ ਹੈ, ਜਦਕਿ ਕਈ ਮੰਡੀਆਂ ‘ਚ ਅਜੇ ਤੱਕ ਮਹਿਜ਼ 30 ਫੀਸਦ ਕਣਕ ਹੀ ਚੁੱਕੀ ਗਈ ਹੈ। ਮੰਡੀਆਂ ‘ਚ ਵਿਕ ਚੁੱਕੀ ਕਣਕ ਦੇ ਢੇਰ ਲੱਗੇ ਹੋਏ ਹਨ ਅਤੇ ਕਣਕ ਦੀ ਨਵੀਂ ਆਮਦ ਲਈ ਮੰਡੀਆਂ ‘ਚ ਥਾਂ ਨਹੀਂ ਹੈ। ਜਿਸ ਕਰਕੇ ਸਭ ਨੂੰ ਪਰੇਸ਼ਾਨੀ ਹੋ ਰਹੀ ਹੈ। ਸੰਧਵਾਂ ਨੇ ਮੰਡੀਆਂ ‘ਚ ਲਿਫ਼ਟਿੰਗ ਨਾ ਹੋਣ ਦੀ ਸਮੱਸਿਆ ਲਈ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਨੱਕੋ-ਨੱਕ ਭਰੇ ਪਏ ਗੁਦਾਮਾਂ ‘ਚ ਜ਼ਰੂਰਤਮੰਦ ਸੂਬਿਆਂ ਲਈ ਸਮੇਂ ਸਿਰ ਲਿਫ਼ਟਿੰਗ ਕਰਵਾਈ ਹੁੰਦੀ ਤਾਂ ਕੋਰੋਨਾਵਾਇਰਸ ਕਾਰਨ ਬਣੇ ਮੁਸ਼ਕਲ ਹਾਲਾਤ ਹੋਰ ਵੀ ਜ਼ਿਆਦਾ ਮੁਸ਼ਕਲ ਨਾ ਹੁੰਦੇ। ‘ਆਪ’ ਆਗੂਆਂ ਨੇ ਕਿਹਾ ਕਿ ਕਰਫ਼ਿਊ ਦੌਰਾਨ ਸੋਸ਼ਲ ਡਿਸਟੈਂਸਿੰਗ ਬਣਾਉਣ ਲਈ ਮੰਡੀਆਂ ‘ਚ ਸਰਕਾਰ ਟੋਕਨ ਦੇ ਕੇ ਲਿਮਟਿਡ ਕਣਕ ਮੰਗਵਾ ਰਹੀ ਹੈ। ਪਰ ਲਿਫ਼ਟਿੰਗ ਨਾ ਹੋਣ ਕਰਕੇ ਹੋਰ ਕਣਕ ਨੂੰ ਮੰਗਵਾਉਣ ਲਈ ਨਵੇਂ ਕੂਪਨ ਕਿਸਾਨਾਂ ਨੂੰ ਘੱਟ ਗਿਣਤੀ ‘ਚ ਜਾਰੀ ਕੀਤੇ ਜਾ ਰਹੇ ਹਨ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਸਟੋਰ ਕਰਨ ਲਈ ਹੋਰ ਪ੍ਰਬੰਧ ਕਰਨੇ ਪੈ ਰਹੇ ਹਨ।