ਤਰਨਤਾਰਨ: ਖਡੂਰ ਸਾਹਿਬ ਵਿਖੇ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਵੱਖ ਵੱਖ ਅਹੁਦਿਆਂ ਦੇ ਸੇਵਾਵਾਂ ਨਿਭਾਅ ਚੁੱਕੇ ਅਤੇ 2007 ਦੀਆਂ ਤਰਨਤਾਰਨ ਵਿਧਾਨ ਸਭਾ ਚੋਣਾਂ ਲੜਨ ਵਾਲੇ ਆਗੂ ਮਨਜੀਤ ਸਿੰਘ ਘਸੀਟਪੁਰਾ ਕਾਂਗਰਸ ਪਾਰਟੀ ਨੂੰ ਛੱਡ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ 'ਚ ਸ਼ਾਮਿਲ ਹੋਏ ਮਨਜੀਤ ਸਿੰਘ ਘਸੀਟਪੁਰਾ ਦਾ ਪਾਰਟੀ ਦੇ ਹੋਰਨਾਂ ਆਗੂਆਂ ਵਲੋਂ ਸੁਆਗਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੁੰ ਬਹੁਤ ਵੱਡਾ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਘਸੀਟਪੁਰਾ ਨੂੰ ਪਾਰਟੀ 'ਚ ਬਣਦਾ ਮਾਨ-ਸਨਮਾਨ ਜ਼ਰੂਰ ਮਿਲੇਗਾ।
ਮਨਜੀਤ ਸਿੰਘ ਘਸੀਟਪੁਰਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਅੱਜ ਤੋਂ ਅਕਾਲੀ ਦਲ ਬਾਦਲ ਵਾਸਤੇ ਰਾਤ ਦਿਨ ਇਕ ਕਰਕੇ ਸੇਵਾ ਕਰਨਗੇ। ਉਹ ਪਾਰਟੀ ਲਈ ਪਿੰਡ-ਪਿੰਡ ਘਰ-ਘਰ ਜਾ ਕੇ ਪ੍ਰਚਾਰ ਕਰਨਗੇ ਅਤੇ 2022 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 'ਚ ਹੁਣ ਕੋਈ ਵੀ ਵਰਕਰਾਂ ਦੀ ਸਾਰ ਨਹੀਂ ਲੈ ਰਿਹਾ। ਜਿਸ ਕਰਕੇ ਮੈਂ ਅੱਜ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ 'ਚ ਪਾਰਟੀ ਨਾਲ ਜੁੜ ਗਿਆ ਹਾਂ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ 'ਚ ਹਰੇਕ ਵਰਗ ਦੁੱਖੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸੇ ਵਰਗ ਦੀ ਕੋਈ ਸਾਰ ਨਹੀਂ ਲਈ। ਇਥੋਂ ਤੱਕ ਪਾਰਟੀ ਵਰਕਰਾਂ ਦਾ ਸਨਮਾਨ ਬਹਾਲ ਨਹੀਂ ਰੱਖ ਸਕੇ ਅਤੇ ਨਾ ਹੀ ਕਾਂਗਰਸ ਦੇ ਰਾਜ 'ਚ ਕੋਈ ਵਿਕਾਸ ਕਾਰਜ ਹੋਇਆ। ਸੂਬੇ ਨੂੰ ਆਰਥਿਕ ਮੰਦਹਾਲੀ ਵੱਲ ਧਕੇਲ ਦਿੱਤਾ ਗਿਆ। ਸਰਕਾਰ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।