ਪਵਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਉਦਯੋਗਪਤੀ ਆਪਣੇ ਕਰਮਚਾਰੀਆਂ ਨੂੰ ਪੰਜਾਬ ‘ਚ ਕਰਫਿਊ ਦੌਰਾਨ ਪੂਰੀ ਤਨਖਾਹ ਦੇਣ ਲਈ ਪਾਬੰਦ ਨਹੀਂ ਹੋਣਗੇ। ਸਨਅਤਕਾਰਾਂ ਵੱਲੋਂ ਜ਼ਾਹਰ ਕੀਤੇ ਜਾ ਰਹੇ ਖਦਸ਼ਿਆਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੰਕਟ ਦੇ ਇਸ ਦੌਰ ‘ਚ ਕਰਮਚਾਰੀਆਂ ਨੂੰ ਪੂਰੀ ਤਨਖਾਹ ਦੇਣ ਦੀ ਸਲਾਹ ਉੱਦਮੀਆਂ ਨੂੰ ਪਾਬੰਦ ਨਹੀਂ ਕਰਦੀ। ਇਹ ਸਿਰਫ ਸਲਾਹ ਹੈ। ਉੱਦਮੀ ਆਪਣੀ ਵਿੱਤੀ ਸਥਿਤੀ ਅਨੁਸਾਰ ਲੌਕਡਾਊਨ ਅਵਧੀ ਦੀ ਤਨਖਾਹ ਬਾਰੇ ਫੈਸਲਾ ਲੈ ਸਕਦੇ ਹਨ।


ਪੰਜਾਬ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੀਕੇ ਜੰਜੂਆ ਨੇ ਸਪੱਸ਼ਟ ਕੀਤਾ ਹੈ ਕਿ ਪੂਰੀ ਤਨਖਾਹ ਦੀ ਸਲਾਹ ਮਨੁੱਖਤਾ ਦੇ ਅਧਾਰ ‘ਤੇ ਜਾਰੀ ਕੀਤੀ ਗਈ ਹੈ। ਇਸ ਨੂੰ ਕੋਈ ਮਜਬੂਰੀ ਨਹੀਂ ਸਮਝਿਆ ਜਾਣਾ ਚਾਹੀਦਾ। ਜੇ ਇਸ ਸਮੇਂ ਉੱਦਮੀ ਆਪਣੇ ਕਰਮਚਾਰੀਆਂ ਨੂੰ ਕੰਮ ਕੀਤੇ ਬਿਨਾਂ ਪੂਰੀ ਤਨਖਾਹ ਦਿੰਦੇ ਹਨ, ਤਾਂ ਕੁਦਰਤੀ ਤੌਰ 'ਤੇ ਕਰਮਚਾਰੀ ਕਰਫਿਊ ਖਤਮ ਹੋਣ ਤੋਂ ਬਾਅਦ ਆਪਣੇ ਮਾਲਕਾਂ ਪ੍ਰਤੀ ਵਧੇਰੇ ਵਫ਼ਾਦਾਰੀ ਨਾਲ ਕੰਮ ਕਰਨਗੇ ।

ਚੰਡੀਗੜ੍ਹ ਪੀਐਚਡੀ ਚੈਂਬਰਜ਼ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕਿਹਾ ਕਿ ਸਨਅਤਕਾਰ ਇਸ ਸੰਕਟ ਦੀ ਘੜੀ ‘ਚ ਆਪਣੇ ਕਰਮਚਾਰੀਆਂ ਦੀ ਤਨਖਾਹ ਪ੍ਰਤੀ ਪਹਿਲਾਂ ਹੀ ਸੰਵੇਦਨਸ਼ੀਲ ਹਨ। ਸਰਕਾਰ ਨੂੰ ਉੱਦਮੀਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕਰਮਚਾਰੀਆਂ ਦੇ ਨਾਲ-ਨਾਲ ਉੱਦਮ ਤੇ ਉਦਮੀਆਂ ਦੇ ਹਿੱਤ ਬਣੇ ਰਹਿਣ ਤੇ ਬੇਰੁਜ਼ਗਾਰੀ ਦਾ ਸੰਕਟ ਪੈਦਾ ਨਾ ਹੋਵੇ।