ਚੰਡੀਗੜ੍ਹ: ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਦੀ ਰਿਪੋਰਟਿੰਗ ਤੇ ਮੈਨੇਜਮੇਂਟ 'ਚ ਲੱਗੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਕੋਵਿਡ-19 (ਕੋਰੋਨਾਵਾਇਰਸ) ਨੂੰ ਧਿਆਨ 'ਚ ਰੱਖਦਿਆਂ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਅਧੀਨ ਰਿਪੋਰਟਿੰਗ ਤੇ ਮੈਨੇਜਮੇਂਟ 'ਚ ਲੱਗੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।


ਹੁਣ ਕਿਸੇ ਵੀ ਤਰ੍ਹਾਂ ਦੀ ਛੁੱਟੀ ਸਿਰਫ ਡਾਇਰੇਕਟੋਰੇਟ ਸਿਹਤ ਸੇਵਾਵਾਂ ਤੋਂ ਮੰਜ਼ੂਰੀ ਤੋਂ ਬਾਅਦ ਹੀ ਦਿੱਤੀ ਜਾਵੇਗੀ, ਜਿਸ ਨਾਲ ਸ਼ੱਕੀ ਯਾਤਰੀਆਂ ਦੀ ਜਾਂਚ ਤੇ ਟੈਸਟ ਪ੍ਰਕਿਿਰਆ 'ਤੇ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਾ ਪਵੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਤੇ ਮੋਹਾਲੀ ਦੇ ਹਵਾਈ ਅੱਡੇ 'ਚ 22,236 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ।

ਸਿੱਧੂ ਮੁਤਾਬਕ ਚੀਨ ਦੇ ਯਾਤਰਾ ਕਰ ਚੁੱਕੇ ਜਾਂ ਹਵਾਈ ਅੱਡੇ 'ਤੇ ਠਹਿਰਨ ਵਾਲੇ 1517 ਯਾਤਰੀਆਂ 'ਚੋਂ 35 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸੀ, ਜੋ ਨੈਸ਼ਨਲ ਇੰਸਟੀਟਿਊਟ ਆਫ ਵਾਇਰਲੋਜੀ ਪੁਣੇ ਵਲੋਂ ਨੈਗੇਟਿਵ ਕਰਾਰ ਦਿੱਤੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਵਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਹੁਣ ਤੱਕ ਇੱਕ-ਇੱਕ ਸੈਂਪਲ ਜਲੰਧਰ ਤੇ ਅੰਮ੍ਰਿਤਸਰ ਤੋਂ ਐਮਸ 'ਚ ਭੇਜਿਆ ਗਿਆ ਹੈ ਜੋ ਨੈਗੇਟਿਵ ਪਾਏ ਗਏ। ਫਿਲਹਾਲ ਕੋਰੋਨਾਵਾਇਰਸ ਦੇ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ।