ਚੰਡੀਗੜ੍ਹ/ਲੁਧਿਆਣਾ: ਹਾਲ ਹੀ ‘ਚ ਪਾਕਿਸਤਾਨ ਨਾਲ ਹੋਈ ਤਲਖੀ ਦਾ ਪੰਜਾਬ ਨੂੰ ਵਪਾਰਕ ਤੌਰ ‘ਤੇ ਵੱਡਾ ਨੁਕਸਾਨ ਹੋਇਆ ਸੀ। ਇਸ ਨੁਕਸਾਨ ਦਾ ਫੱਟ ਅਜੇ ਭਰਿਆ ਵੀ ਨਹੀਂ ਸੀ ਕਿ ਪੰਜਾਬ ਦੇ ਡਰੀਮ ਪ੍ਰੋਜੈਕਟ ‘ਤੇ ‘ਚੀਨੀ ਹਮਲਾ’ ਹੋ ਗਿਆ। ਭਾਰਤ ਤੇ ਚੀਨ ਵਿਚਾਲੇ ਸਬੰਧਾਂ ‘ਚ ਆਈ ਕੜਵਾਹਟ ਨੇ ਪੰਜਾਬ ‘ਚ ਆਉਣ ਵਾਲੇ ਨਿਵੇਸ਼ ਨੂੰ ਵਿਗਾੜ ਦਿੱਤਾ ਹੈ।
ਇੰਡਸਟਰੀਅਲ ਹੱਬ ਦਾ ਡਰੀਮ ਪ੍ਰੋਜੈਕਟ ਸਾਈਕਲ ਵੈਲੀ ਫਿਲਹਾਲ ਮੁਸ਼ਕਲ ਵਿੱਚ ਜਾਪ ਰਿਹਾ ਹੈ।
ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ
ਸਾਈਕਲ ਵੈਲੀ ਸਾਡੇ ਲਈ ਮਹੱਤਵਪੂਰਨ ਪ੍ਰੋਜੈਕਟ ਹੈ। ਹੁਣ ਸਾਡਾ ਧਿਆਨ ਚੀਨੀ ਕੰਪਨੀਆਂ 'ਤੇ ਨਹੀਂ ਹੈ। ਚੀਨ ਤੋਂ ਬਹੁਤ ਸਾਰੀਆਂ ਕੰਪਨੀਆਂ ਆਪਣੀਆਂ ਇਕਾਈਆਂ ਨੂੰ ਬਾਹਰ ਭੇਜਣ ਲਈ ਤਿਆਰ ਹਨ। ਸਾਡੀ ਇਨਵੈਸਟ ਪੰਜਾਬ ਟੀਮ ਇਸ ਦੇ ਲਈ ਕਈ ਦੇਸ਼ਾਂ ਨਾਲ ਸੰਪਰਕ ਵਿੱਚ ਹੈ। ਇਸ ਲਈ ਬਹੁਤ ਸਾਰੀਆਂ ਨਾਮਵਰ ਕੰਪਨੀਆਂ ਨਾਲ ਗੱਲਬਾਤ ਜਾਰੀ ਹੈ। ਸਾਈਕਲ ਵੈਲੀ ਲਈ ਕਈ ਦੇਸ਼ਾਂ ਦੀਆਂ ਕੰਪਨੀਆਂ ਦਾ ਨਿਵੇਸ਼ ਲਿਆਂਦਾ ਜਾਵੇਗਾ।-
ਹੀਰੋ ਸਾਈਕਲ ਦੇ ਸੀਐਮਡੀ ਪੰਕਜ ਮੁੰਜਾਲ ਨੇ ਕਿਹਾ ਕਿ ਸਾਈਕਲ ਵੈਲੀ ਲੁਧਿਆਣਾ ਉਦਯੋਗ ਲਈ ਇਕ ਡਰੀਮ ਪ੍ਰੋਜੈਕਟ ਹੈ। ਇਸ ਦੇ ਪੂਰਾ ਹੋਣ ਨਾਲ ਭਾਰਤੀ ਸਾਈਕਲ ਉਦਯੋਗ ਤੇਜ਼ੀ ਨਾਲ ਵਿਕਾਸ ਕਰੇਗਾ। ਦੋ ਸਾਲ ਪਹਿਲਾਂ ਚੀਨੀ ਪ੍ਰਤੀਨਿਧੀ ਮੰਡਲ ਨੇ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਤੇ 60 ਕੰਪਨੀਆਂ ਦੇ ਨਿਵੇਸ਼ ਲਈ ਆਪਣੀ ਇੱਛਾ ਪ੍ਰਗਟਾਈ, ਪਰ ਪ੍ਰੋਜੈਕਟ ਵਿੱਚ ਦੇਰੀ ਹੋ ਰਹੀ ਹੈ ਅਤੇ ਹੁਣ ਭਾਰਤ-ਚੀਨ ਸਬੰਧਾਂ ਕਾਰਨ ਹੋਰ ਰੁਕਾਵਟ ਆ ਰਹੀ ਹੈ। ਹੁਣ ਜਾਪਾਨ, ਅਮਰੀਕਾ ਤੇ ਯੂਰਪ ਤੋਂ ਕੰਪਨੀਆਂ ਲਿਆਂਦੀਆਂ ਜਾਣਗੀਆਂ। ਸਰਕਾਰ ਨੂੰ ਕੰਮ ਸਮੇਂ ਸਿਰ ਪੂਰਾ ਕਰਨਾ ਚਾਹੀਦਾ ਹੈ।