ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੈਪਟਨ ਸਰਕਾਰ 'ਚ ਵੱਡੇ ਧਮਾਕੇ ਦੇ ਆਸਾਰ ਬਣੇਦੇ ਜਾ ਰਹੇ ਹਨ। ਹੁਣ ਮੰਤਰੀਆਂ ਨਾਲ ਹੀ ਵਿਧਾਇਕ ਵੀ ਬਾਗੀ ਨਜ਼ਰ ਆ ਰਹੇ ਹਨ। ਇਸ ਬਾਰੇ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਮੁਤਾਬਕ ਕੁਝ ਵਿਧਾਇਕਾਂ ਨੇ ਪਿਛਲੇ ਦਿਨੀਂ ਗੁਪਤ ਮੀਟਿੰਗ ਕੀਤੀ ਪਰ ਇਸ ਬਾਰੇ ਅਜੇ ਕੋਈ ਵੀ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀ। ਇਸ ਦੇ ਨਾਲ ਹੀ ਪੰਜਾਬ ਦੀ ਵਜ਼ਾਰਤ ਵਿੱਚ ਵੀ ਫਿਰ ਤੋਂ ਮੱਤਭੇਦ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ- ਪੰਜਾਬ ਨੇ ਬੜੀ ਤੇਜ਼ੀ ਨਾਲ ਦਿੱਤੀ ਕੋਰੋਨਾ ਦੀ ਮਾਤ, ਹੈਰਾਨੀਜਨਕ ਅੰਕੜੇ ਆ ਰਹੇ ਸਾਹਮਣੇ
ਗੱਲ ਇੰਨੀ ਵਧ ਗਈ ਹੈ ਕਿ ਆਬਕਾਰੀ ਨੀਤੀ ਕਾਰਨ ਚੀਫ ਸੈਕਟਰੀ ਨਾ ਤੜਿੰਗ ਹੋਏ ਜ਼ਿਆਦਾਤਰ ਮੰਤਰੀਆਂ ਨੇ ਆਪਣੇ ਮੁੱਖ ਮੰਤਰੀ ਨਾਲ ਬੈਠਕ ਕਰਨਾ ਵੀ ਛੱਡ ਦਿੱਤਾ ਹੈ। ਅਜਿਹਾ ਜਾਪਦਾ ਹੈ ਕਿ ਮੰਤਰੀ ਵੀ ਦੋਫਾੜ ਹੋ ਗਏ ਹਨ। ਬੀਤੇ ਕੱਲ੍ਹ ਵੀਡੀਓ ਕਾਨਫਰਿੰਸਿੰਗ ਰਾਹੀਂ ਹੋਈ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੇ ਮੰਤਰੀਆਂ ਨੇ ਗੱਲਬਾਤ ਕਰਨੀ ਸੀ, ਪਰ ਸਿਰਫ ਬਲਬੀਰ ਸਿੱਧੂ, ਓਪੀ ਸੋਨੀ ਤੇ ਭਾਰਤ ਭੂਸ਼ਨ ਆਸ਼ੂ ਨੇ ਹੀ ਹਾਜ਼ਰੀ ਲਵਾਈ। ਬਾਕੀ 14 ਮੰਤਰੀਆਂ ਨੇ ਇਸ ਤੋਂ ਕਿਨਾਰਾ ਕਰ ਲਿਆ। ਇਸ ਬੈਠਕ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਸ਼ਾਮਲ ਸਨ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ, ਇਸ ਲਈ ਉਨ੍ਹਾਂ ਦਾ ਬੈਠਕ ਵਿੱਚ ਸ਼ਾਮਲ ਨਾ ਹੋਣਾ ਸਮਝ ਆਉਣਯੋਗ ਹੈ ਪਰ ਬਾਕੀ 13 ਮੰਤਰੀਆਂ, ਜਿਸ ਵਿੱਚ ਕਰਨ ਅਵਤਾਰ ਸਿੰਘ ਦਾ ਖੁੱਲ੍ਹ ਕੇ ਵਿਰੋਧ ਕਰਨ ਵਾਲੇ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹਨ, ਨਹੀਂ ਆਏ।

ਇਹ ਵੀ ਪੜ੍ਹੋ- ਨਾਜਾਇਜ਼ ਸ਼ਰਾਬ 'ਤੇ ਅਕਾਲੀ-ਕਾਂਗਰਸ 'ਗੱਠਜੋੜ'? ਹੈਰਾਨ ਕਰਨ ਵਾਲਾ ਮਾਮਲਾ ਬੇਪਰਦ
ਸੂਤਰਾਂ ਦੀ ਮੰਨੀਏ ਤਾਂ ਮੰਤਰੀਆਂ ਵਿੱਚ ਚੀਫ਼ ਸੈਕਟਰੀ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਦਾ ਗੁੱਸਾ ਹੈ ਪਰ ਉੱਪਰੋਂ ਉੱਪਰੋਂ ਉਹ ਇਹ ਕਹਿ ਰਹੇ ਹਨ ਕਿ ਬੈਠਕ ਵਿੱਚ ਉਨ੍ਹਾਂ ਦੇ ਵਿਭਾਗ ਦਾ ਕੋਈ ਏਜੰਡਾ ਨਹੀਂ ਸੀ, ਇਸ ਲਈ ਸ਼ਾਮਲ ਨਹੀਂ ਹੋਏ। ਬੈਠਕ ਵਿੱਚ ਨਾ ਸ਼ਾਮਲ ਹੋਣਾ ਮੰਤਰੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵੀ ਸੰਕੇਤ ਹੋ ਸਕਦਾ ਹੈ ਕਿ ਉਹ ਲੋੜੀਂਦੀ ਕਾਰਵਾਈ ਤੇ ਮੰਤਰੀਆਂ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲ ਕਰਨ।

ਉੱਧਰ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਹਿਣਾ ਹੈ ਕਿ ਮੰਤਰੀਆਂ ਨੇ ਇੰਨੇ ਦਿਨਾਂ ਦਾ ਸ਼ਰਾਬ ਦੇ ਮਾਲੀਏ ਵਿੱਚ ਹੋਏ 3,600 ਕਰੋੜ ਰੁਪਏ ਦੇ ਘਪਲੇ ਦਾ ਰੌਲਾ ਪਾਇਆ ਹੋਇਆ ਹੈ, ਪਰ ਸਰਕਾਰ ਕੋਈ ਜਾਂਚ ਨਹੀਂ ਕਰ ਰਹੀ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਹ ਵੀ ਹੋ ਸਕਦਾ ਹੈ ਕਿ ਇਸ ਘਪਲੇ ਵਿੱਚ ਕੋਈ ਮੰਤਰੀ ਵੀ ਸ਼ਾਮਲ ਹੋਣ ਤਾਹੀਓਂ ਸਰਕਾਰ ਲੋਕਾਂ ਦੇ ਪੈਸੇ ਦੀ ਇਸ ਲੁੱਟ ਦਾ ਪਰਦਾਫਾਸ਼ ਕਰਨ ਤੋਂ ਕੰਨੀ ਕਤਰਾ ਰਹੀ ਹੈ। ਉਨ੍ਹਾਂ ਇਸ ਘਪਲੇ ਦੀ ਨਿਰਪੱਖ ਜਾਂਚ ਵੀ ਮੰਗੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ