ਚੰਡੀਗੜ੍ਹ: ਇਕ ਅੰਤਰਰਾਜੀ ਅਪ੍ਰੇਸ਼ਨ 'ਚ ਅੱਜ ਸ਼ਨੀਵਾਰ ਨੂੰ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਅਧਾਰਤ ਹਥਿਆਰਾਂ ਦੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਤਸਕਰ ਗੈਂਗਸਟਰਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਅਤੇ ਬਾਰੂਦ ਦੀ ਸਪਲਾਈ ਕਰ ਰਹੇ ਸੀ। ਇਨ੍ਹਾਂ ਪਾਸੋ 32 ਬੋਰ ਦੇ ਪਿਸਤੌਲ ਅਤੇ 15 ਮੈਗਜ਼ੀਨਾਂ ਸਣੇ ਹਥਿਆਰਾਂ ਦਾ ਇਕ ਵੱਡਾ ਕੈਚ ਬਰਾਮਦ ਕੀਤਾ ਗਿਆ। ਇਨ੍ਹਾਂ ਦੇ ਪੰਜਾਬ ਅਧਾਰਿਤ ਅੱਤਵਾਦੀਆਂ ਨਾਲ ਲਿੰਕ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਨ੍ਹਾਂ ਤਸਕਰਾਂ 'ਤੇ ਸ਼ੱਕ ਹੈ ਕਿ ਇਨ੍ਹਾਂ ਪਿਛਲੇ 3 ਮਹੀਨਿਆਂ ਦੌਰਾਨ ਸੂਬੇ 'ਚ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਦੋ ਦਰਜਨ ਤੋਂ ਵੱਧ ਪਿਸਤੌਲ ਸਪਲਾਈ ਕੀਤੇ ਹਨ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਅਨੁਸਾਰ ਐਸਐਸਪੀ ਅੰਮ੍ਰਿਤਸਰ ਧਰੁਵ ਦਹੀਆ ਦੀ ਨਿਗਰਾਨੀ ਹੇਠ ਕਾਰਵਾਈ ਕੀਤੀ ਗਈ ਅਤੇ ਸ਼ੱਕੀ ਮਹੇਸ਼ ਸਲੋਤਿਆ ਅਤੇ ਜੱਗੂ ਨੂੰ ਐਮਪੀ ਵਿਖੇ ਉਨ੍ਹਾਂ ਦੇ ਜੱਦੀ ਪਿੰਡ ਖਰਗੋਂ ਤੋਂ ਕਾਬੂ ਕੀਤਾ ਗਿਆ। ਟੀਮ ਦੀ ਅਗਵਾਈ ਡੀਐਸਪੀ, ਗੁਰਿੰਦਰ ਨਾਗਰਾ ਨੇ ਕੀਤੀ। ਡੀਜੀਪੀ ਨੇ ਕਿਹਾ ਕਿ ਹੁਣ ਤਕ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਗਿਰੋਹ ਪੰਜਾਬ ਅਧਾਰਤ ਗੈਂਗਸਟਰਾਂ ਲਈ ਕਈ ਵੱਡੇ ਹਥਿਆਰਾਂ ਦੀ ਖੇਪ ਦੀ ਸਮਗਲਿੰਗ ਵਿੱਚ ਸ਼ਾਮਲ ਰਿਹਾ ਹੈ।


ਡੀਜੀਪੀ ਗੁਪਤਾ ਨੇ ਕਿਹਾ ਕਿ ਇਸ ਗਿਰੋਹ ਦੇ ਪੰਜਾਬ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਦੋਹੇਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕਈ ਗੈਂਗਸਟਰਾਂ ਨਾਲ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਸਰਗਰਮੀ ਨਾਲ ਨਾਜਾਇਜ਼ ਹਥਿਆਰ ਸਪਲਾਈ ਕਰ ਰਿਹਾ ਸੀ। ਫਿਲਹਾਲ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੁੱਛਗਿੱਛ 'ਚ ਵੱਡੇ ਖੁਲਾਸੇ ਹੋਣ ਦਾ ਖਦਸ਼ਾ ਹੈ।