ਅੰਮ੍ਰਿਤਸਰ/ਚੰਡੀਗੜ੍ਹ: ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ 'ਚ ਐਸਟੀਐਫ ਬਾਰਡਰ ਰੇਂਜ ਨੇ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਐਸਟੀਐਫ ਨੂੰ ਇੱਥੇ ਕਰੀਬ 194 ਕਿਲੋ ਹੈਰੋਇਨ ਤੇ ਵੱਡੀ ਮਾਤਰਾ 'ਚ ਕੈਮੀਕਲ ਬਰਾਮਦ ਹੋਇਆ ਹੈ ਜਿਸ ਦੀ ਇੰਟਰਨੈਸ਼ਨਲ ਮਾਰਕਿਟ 'ਚ ਕੀਮਤ ਲਗਪਗ 1000 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਡਰੱਗ ਰੈਕੇਟ ਦੇ ਤਾਰ ਵਿਦੇਸ਼ਾਂ ਵਿੱਚ ਜੁੜਦੇ ਨਜ਼ਰ ਆ ਰਹੇ ਹਨ। ਅੱਜ ਐਸਟੀਐਫ ਦੇ ਏਡੀਜੀਪੀ ਨੇ ਪ੍ਰੈੱਸ ਕਾਨਫਰੰਸ 'ਚ ਦਾਅਵਾ ਕੀਤਾ ਕਿ ਮੁਲਜ਼ਮਾਂ ਦੇ ਤਾਰ ਇਟਲੀ 'ਚ ਬੈਠੇ ਨਸ਼ਾ ਤਸਕਰ ਸਿਮਰਜੀਤ ਸੰਧੂ ਨਾਲ ਜੁੜੇ ਹਨ। ਸਿਮਰ ਸੰਧੂ ਗੁਜਰਾਤ ਵਿੱਚ ਨਸ਼ਿਆਂ ਦੀ ਵੱਡੀ ਖੇਪ ਫੜਨ ਤੋਂ ਬਾਅਦ ਵਿਦੇਸ਼ ਭੱਜ ਗਿਆ ਸੀ। ਇੰਟਰਪੋਲ ਨੇ ਸੰਧੂ ਨੂੰ ਇਟਲੀ 'ਚ ਨਜ਼ਰਬੰਦ ਕੀਤਾ ਹੈ। ਐਸਟੀਐਫ ਦੇ ਮੁਖੀ ਹਰਪ੍ਰੀਤ ਸਿੱਧੂ ਨੇ ਕਿਹਾ ਕਿ ਦੋਸ਼ੀ ਅਫ਼ਗਾਨੀ ਨਾਗਰਿਕ ਨਸ਼ਿਆਂ ਨੂੰ ਮਿਕਸ 'ਚ ਮਾਹਰ ਹੈ। ਅੰਮ੍ਰਿਤਸਰ ਦੀ ਫੈਕਟਰੀ ਨਸ਼ਿਆਂ ਨੂੰ ਮਿਲਾਉਣ ਦਾ ਕੰਮ ਹੁੰਦਾ ਸੀ।
ਦਰਅਸਲ ਨਸੇ ਦੀ ਇਹ ਫੈਕਟਰੀ ਸੁਲਤਾਨਵਿੰਡ ਦੇ ਆਕਾਸ਼ ਵਿਹਾਰ ਕਲੋਨੀ ਦੀ ਕੋਠੀ 'ਚ ਬਗੈਰ ਕਿਸੇ ਡਰ ਤੋਂ ਚਲ ਰਹੀ ਸੀ। ਫਿਲਹਾਲ ਐਸਟੀਐਫ ਨੇ ਕੋਠੀ ਨੂੰ ਸੀਲ ਕਰ ਦਿੱਤਾ ਹੈ ਜਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਇਹ ਇੱਕ ਵੱਡਾ ਸਵਾਲ ਹੈ। ਗ੍ਰਿਫ਼ਤਾਰ ਕੀਤੇ ਮੁਲਜਮਾਂ 'ਚ ਇੱਕ ਲੜਕੀ ਵੀ ਹੈ ਜਿਸ ਬਾਰੇ ਐਸਟੀਐਫ ਦੇ ਏਡੀਜੀਪੀ ਨੇ ਕਿਹਾ ਕਿ ਉਸ ਦਾ ਨਸ਼ਾ ਕਾਰੋਬਾਰ 'ਚ ਕੀ ਰੋਲ ਸੀ ਇਹ ਅੱਗੇ ਦੀ ਜਾਂਚ 'ਚ ਪਤਾ ਲੱਗੇਗਾ। ਉਧਰ ਇਸ ਮਾਮਲੇ 'ਚ ਫੜਿਆ ਗਿਆ ਅਫਗਾਨੀ ਨਾਗਰਿਕ ਭਾਰਤੀ ਵੀਜ਼ਾ 'ਤੇ ਭਾਰਤ 'ਚ ਆਇਆ ਸੀ ਜੋ ਕੁਝ ਦਿਨ ਪਹਿਲਾਂ ਹੀ ਦਿੱਲੀ ਰਾਹੀਂ ਭਾਰਤ ਆਇਆ ਸੀ।
ਐਸਟੀਐਫ ਅੰਮ੍ਰਿਤਸਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਬੀਤੀ ਸ਼ਾਮ ਗੁਪਤ ਸੂਚਨਾ ਦੇ ਆਧਾਰ 'ਤੇ ਉੱਪਰ ਆਕਾਸ਼ ਵਿਹਾਰ ਸਥਿਤ ਇੱਕ ਕੋਠੀ 'ਚ ਰੇਡ ਕੀਤੀ ਤੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਹ ਇਸ ਹੈਰੋਇਨ ਦੀ ਫੈਕਟਰੀ ਨੂੰ ਚਲਾ ਰਹੇ ਸੀ। ਇਨ੍ਹਾਂ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਨਾਗਰਿਕ ਅਫਗਾਨਿਸਤਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਐਸਟੀਐਫ ਦੇ ਡੀਐਸਪੀ ਵਵਿੰਦਰ ਮਹਾਜਨ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐਸਟੀਐਫ ਨੇ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇਹ ਸੋਲੋ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਦੇ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਤੇ ਸਾਰੇ ਮਾਮਲੇ ਦੀ ਜਾਣਕਾਰੀ ਐੱਸਟੀਐੱਫ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ।
ਐਸਟੀਐਫ ਵੱਲੋਂ ਇਸ ਸਬੰਧੀ ਐਨਡੀਪੀਐਸ ਐਕਟ ਤੇ ਅਸਲਾ ਐਕਟ ਤਹਿਤ ਮੁਹਾਲੀ ਦੇ ਫੇਸ-4 ਦੇ ਥਾਣੇ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਸਾਰੇ ਮਾਮਲੇ 'ਤੇ ਐਸਟੀਐਫ ਦੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਵੀ ਨਜ਼ਰ ਬਣੀ ਰਹੀ ਤੇ ਉਹ ਵੀ ਮੌਕੇ 'ਤੇ ਪਹੁੰਚੇ। ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ ਵਿੱਚ ਇਸ ਡਰੱਗ ਫੈਕਟਰੀ ਦੇ ਬੇਨਕਾਬ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੀ ਮੁਸਤੈਦੀ ਵੀ ਸ਼ੱਕ ਦੇ ਘੇਰੇ 'ਚ ਆ ਗਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਸੋਂ ਵਾਲੇ ਖੇਤਰ 'ਚ ਇੱਕ ਕੋਠੀ 'ਚ ਸ਼ਰੇਆਮ ਨਸ਼ੇ ਦੀ ਫੈਕਟਰੀ ਚੱਲ ਰਹੀ ਸੀ। ਅੰਮ੍ਰਿਤਸਰ ਪੁਲਿਸ ਨੂੰ ਇਸ ਦੀ ਬਿਲਕੁਲ ਜਾਣਕਾਰੀ ਨਹੀਂ ਸੀ।
ਮਾਮਲੇ 'ਚ ਗ੍ਰਿਫ਼ਤਾਰ ਲੜਕੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਤਮੰਨਾ ਬੀਤੇ ਕੱਲ੍ਹ ਤੋਂ ਲਾਪਤਾ ਹੈ ਤੇ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਲੜਕੀ ਦੇ ਪਰਿਵਾਰ ਨੇ ਕਿਹਾ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਲੜਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ।
ਹੁਣ ਤਕ ਦੀ ਜਾਣਕਾਰੀ 'ਚ ਅੰਮ੍ਰਿਤਸਰ ਡਰੱਗਜ਼ ਫੈਕਟਰੀ ਦਾ ਸਿਆਸੀ ਸੰਪਰਕ ਸਾਹਮਣੇ ਆਇਆ ਹੈ ਜਿਸ ਕੋਠੀ 'ਚ ਫੈਕਟਰੀ ਚੱਲ ਰਹੀ ਸੀ ਉਹ ਅਨਵਰ ਮਸੀਹ ਦੇ ਨਾਂ 'ਤੇ ਹੈ। ਅਨਵਰ ਮਸੀਹ, ਬਾਦਲ ਸਰਕਾਰ ਦੇ ਅਧੀਨ ਪੰਜਾਬ ਸੁਬਾਰਡੀਨੇਟ ਸਰਵਿਸ ਕਮਿਸ਼ਨ ਦਾ ਮੈਂਬਰ ਸੀ। ਇਸ ਕੋਠੀ ਨੂੰ ਅਨਵਰ ਮਸੀਹ ਨੇ ਸਾਲ 2002 'ਚ ਖਰੀਦਿਆ ਸੀ। ਐਸਟੀਐਫ ਨੇ ਅਨਵਰ ਮਸੀਹ ਦੇ ਘਰ ਦਾ ਰਿਕਾਰਡ ਮਾਲ ਵਿਭਾਗ ਤੋਂ ਤਲਬ ਕੀਤਾ ਹੈ।
ਇਸ ਬਾਰੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮ 04:30 ਵਜੇ ਪ੍ਰੈੱਸ ਕਾਨਫਰੰਸ ਕਰਨਗੇ।