ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਅੱਜ ਜਾਰੀ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ 16 ਨਵੰਬਰ ਨੂੰ ਅਕਾਲੀ ਦਲ ਨੇ ਆਪਣੇ 69 ਉਮੀਦਵਾਰਾਂ ਦੀ ਇੱਕ ਸੂਚੀ ਜਾਰੀ ਕੀਤੀ ਸੀ। ਹਾਲਾਂਕਿ ਪਹਿਲੀ ਸੂਚੀ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ। ਫਿਲਹਾਲ ਅੱਜ ਆਉਣ ਵਾਲੀ ਦੂਜੀ ਸੂਚੀ 'ਚ ਮੁੱਖ ਮੰਤਰੀ ਬਾਦਲ ਤੇ ਸੁਖਬੀਰ ਬਾਦਲ ਦੀ ਟਿਕਟ ਦਾ ਐਲਾਨ ਹੋਵੇਗਾ ਜਾਂ ਨਹੀਂ, ਇਹ ਸਾਫ ਨਹੀਂ ਹੈ।
ਅਕਾਲੀ ਦਲ ਵੱਲੋਂ ਜਾਰੀ ਕੀਤੀ ਜਾਣ ਵਾਲੀ ਦੂਜੀ ਸੂਚੀ 'ਚ ਸਭ ਦੀਆਂ ਨਜਰਾਂ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਟਿਕਟ 'ਤੇ ਬਣਿਆ ਹੋਇਆ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ 'ਆਪ' ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਸੁਖਬੀਰ ਬਾਦਲ ਖਿਲਾਫ ਜਲਾਲਾਬਾਦ ਤੋਂ ਚੋਣ ਲੜਨਗੇ। ਹਾਲਾਂਕਿ ਜੇਕਰ ਸੁਖਬੀਰ ਆਪਣਾ ਹਲਕਾ ਬਦਲਦੇ ਹਨ ਤਾਂ ਭਗਵੰਤ ਮਾਨ ਦਾ ਵੀ ਹਲਕਾ ਬਦਲ ਦਿੱਤਾ ਜਾਵੇਗਾ। ਮਤਲਬ ਸਾਫ ਹੈ ਕਿ ਸੁਖਬੀਰ ਜਿੱਥੇ ਵੀ ਚੋਣ ਲੜਨਗੇ ਭਗਵੰਤ ਮਾਨ ਨੂੰ ਉਸੇ ਹੀ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇਗਾ।