ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਦੌਰੇ 'ਤੇ ਹਨ। ਇੱਥੇ ਉਹ ਨੋਟਬੰਦੀ ਕਾਰਨ ਧੀ ਦੇ ਵਿਆਹ ਲਈ ਪੈਸੇ ਮਿਲਣ ਆ ਰਹੀ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨ ਰਵਿੰਦਰ ਸਿੰਘ ਦੇ ਪਰਿਵਾਰ ਨਾਲ ਮੁਲਾਾਤ ਕਰ ਦੁੱਖ ਸਾਂਝਾ ਕਰਨਗੇ। ਉਸ ਤੋਂ ਬਾਅਦ ਉਹ ਸਾਬਕਾ ਐਸਜੀਪੀਸੀ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ ਨੂੰ ਪਾਰਟੀ 'ਚ ਸ਼ਾਮਲ ਕਰਨਗੇ।
ਹਾਲਾਂਕਿ ਕੇਜਰੀਵਾਲ ਆਪਣਾ ਪੰਜਾਬ ਦੌਰਾ ਰੱਦ ਕਰ 26, 27 ਤੇ 28 ਨੂੰ ਦਿੱਲੀ ਵਾਪਸ ਜਾਣ ਵਾਲੇ ਸਨ। ਪਰ ਅੰਮ੍ਰਿਤਸਰ ਜਾਣ ਦੇ ਬਣੇ ਪ੍ਰੋਗਰਾਮ ਕਾਰਨ ਉਹ ਅੱਜ ਸ਼ਾਮ ਦਿੱਲੀ ਲਈ ਰਵਾਨਾ ਹੋਣਗੇ। ਕੇਜਰੀਵਾਲ ਮੁੜ 29 ਨਵੰਬਰ ਨੂੰ ਪੰਜਾਬ ਆਉਣਗੇ ਤੇ ਵੱਖ ਵੱਖ ਇਲਾਕਿਆਂ 'ਚ ਰੈਲੀਆਂ ਨੂੰ ਸੰਬੋਧਨ ਕਰਨਗੇ।
ਦਰਅਸਲ ਕੇਜਰੀਵਾਲ ਅੰਮ੍ਰਿਤਸਰ ਦੇ ਜਿਸ ਕਿਸਾਨ ਰਵਿੰਦਰ ਸਿੰਘ ਦੇ ਘਰ ਜਾ ਰਹੇ ਹਨ ਉਸ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ 5 ਦਸੰਬਰ ਦੇ ਦਿਨ ਹੋਣਾ ਸੀ। ਧੀ ਦੇ ਵਿਆਹ ਲਈ ਲੰਮੇ ਸਮੇਂ ਤੋਂ ਪੈਸੇ ਦੀ ਬਚਤ ਕਰ ਬੈਂਕ ‘ਚ ਜਮਾਂ ਕੀਤੇ ਸਨ। ਪਰ ਨੋਟਬੰਦੀ ਦੇ ਚੱਲਦੇ ਬੈਂਕ ਤੋਂ ਆਪਣੇ ਹੀ ਪੈਸੇ ਲੈਣੇ ਮੁਸ਼ਕਲ ਹੋ ਗਏ। ਵਿਆਹ ਦੇ ਲਈ ਖਰੀਦਦਾਰੀ ਕਰਨ ਤੇ ਹੋਰ ਪ੍ਰਬੰਧਾਂ ਲਈ ਕਿਸਾਨ ਕੋਲ ਪੈਸਾ ਨਹੀਂ ਸੀ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਬੈਂਕ ਤੋਂ ਨਵੇਂ ਨੋਟ ਨਹੀਂ ਮਿਲ ਰਹੇ ਸਨ। ਅਜਿਹੇ ‘ਚ ਵਿਆਦ ਦਾ ਦਿਨ ਨੇੜੇ ਆਉਂਦੇ ਦੇਖ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਸੀ।