ਮਿਸ਼ੀਗਨ: 31 ਅਕਤੂਬਰ 2016 ਨੂੰ ਅਮਰੀਕਾ ਦੇ ਇੱਕ ਸਟੋਰ 'ਚ ਕੰਮ ਕਰਨ ਵਾਲੇ ਮਹਿਮਾਨ ਸਿੰਘ ਨੇ ਆਪਣੇ ਦੋਸਤਾਂ ਦੇ ਨਾਂ ਫੇਸਬੁੱਕ 'ਤੇ ਇਹ ਸੰਦੇਸ਼ ਲਿਖਿਆ ਕਿ, "ਜੇਕਰ ਕੋਈ ਹੋਰ ਸਾਥੀ ਕਿਸੇ ਸਟੋਰ 'ਚ ਕੈਸ਼ੀਅਰ ਦਾ ਕੰਮ ਕਰਦਾ ਹੈ, ਜਦੋਂ ਕਦੇ ਕੋਈ ਨਕਾਬਪੋਸ਼ ਬੰਦੂਕ ਵਿਖਾ ਕੇ ਪੈਸੇ ਮੰਗੇ ਉਸਨੂੰ ਪੈਸੇ ਦੇ ਦਿਉ ਤੇ ਆਪਣੀ ਜਾਨ ਬਚਾਉ … ਸਟੋਰ ਦਾ ਨੁਕਸਾਨ ਇੰਸੋਰੈਂਸ ਕੰਪਨੀ ਪੂਰਾ ਕਰ ਦੇਵੇਗੀ।" ਪਰ ਆਪਣੇ ਦੋਸਤਾਂ ਨੂੰ ਜਾਗਰੂਕ ਕਰਨ ਵਾਲਾ ਸੰਦੇਸ਼ ਲਿਖਣ ਵਾਲੇ ਮਹਿਮਾਨ ਸਿੰਘ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੱਕ ਦਿਨ ਖੁਦ ਉਹ ਅਜਿਹੀ ਹੀ ਇੱਕ ਵਾਰਦਾਤ ਦਾ ਸ਼ਿਕਾਰ ਹੋ ਜਾਵੇਗਾ।



ਜਾਣਕਾਰੀ ਮੁਤਾਬਕ ਮਹਿਮਾਨ ਸਿੰਘ ਮਿਸ਼ੀਗਨ ਦੇ ਜੈਕਸਨ 'ਚ ਇੱਕ ਪੰਜਾਬੀ ਸਟੋਰ 'ਤੇ ਕੰਮ ਕਰਦਾ ਸੀ। ਘਟਨਾ ਵਾਲੇ ਦਿਨ ਉਹ ਸਟੋਰ 'ਤੇ ਮੌਜੂਦ ਸੀ। ਰਾਤ ਸਮੇਂ ਉਸ ਦੇ ਸਟੋਰ 'ਚ ਦਾਖਲ ਹੋਏ ਦੋ ਲੁਟੇਰਿਆਂ ਨੇ ਗੋਲੀ ਮਾਰ ਮਹਿਮਾਨ ਦਾ ਕਤਲ ਕਰ ਦਿੱਤਾ। ਜ਼ਾਹਿਰ ਹੈ ਮਹਿਮਾਨ ਲੁਟੇਰਿਆਂ ਦਾ ਕੋਈ ਵਿਰੋਧ ਨਾ ਕਰਦਾ ਤੇ ਪੈਸੇ ਦੇ ਦਿੰਦਾ, ਪਰ ਲੁਟੇਰਿਆਂ ਨੇ ਉਸ ਨੂੰ ਇਸਦਾ ਮੌਕਾ ਹੀ ਨਹੀਂ ਦਿੱਤਾ। ਗੋਲੀ ਮਹਿਮਾਨ ਦੀ ਗਰਦਨ 'ਤੇ ਲੱਗੀ ਜਿਸ ਕਾਰਨ ਉਸਦੀ ਮੌਤ ਹੋ ਗਈ।


ਪੰਜਾਬ 'ਚ ਹੁਸ਼ਿਆਰਪੁਰ ਜਿਲ੍ਹੇ ਦੇ ਦਸੂਹਾ ਨੇੜਲੇ ਪਿੰਡ ਉੱਚੀ ਬਸੀ ਦਾ ਰਹਿਣ ਵਾਲਾ ਮਹਿਮਾਨ ਸਿੰਘ ਇੱਕ ਭਾਰਤੀ ਸਟੋਰ 'ਤੇ ਕੰਮ ਕਰਦਾ ਸੀ। ਉਹ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ। ਘਟਨਾ ਤੋਂ ਬਾਅਦ ਮਹਿਮਾਨ ਸਿੰਘ ਦਾ ਪਿੰਡ ਸਦਮੇ 'ਚ ਹੈ।