ਕਰਾਚੀ: ਭਾਰਤ ਵਾਂਗ ਪਾਕਿਸਤਾਨ 'ਚ ਵੀ ਨੋਟਬੰਦੀ ਸ਼ੁਰੂ ਹੋ ਗਈ ਹੈ। ਹਾਲਾਂਕਿ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਆਮ ਨਾਗਰਿਕ ਨੂੰ ਨੋਟ ਬਦਲਣ ਦੀ ਹੱਦ 6 ਸਾਲ ਦਿੱਤੀ ਹੈ। ਪਾਕਿਸਤਾਨ ਦੇ ਸੈਂਟਰਲ ਬੈਂਕ ਤੇ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਪੁਰਾਣੇ ਡਿਜ਼ਾਈਨ ਵਾਲੇ ਨੋਟਾਂ ਨੂੰ ਬੰਦ ਕਰਨ ਦਾ ਕੰਮ ਹੁਣ ਸ਼ੁਰੂ ਕਰ ਦਿੱਤਾ ਹੈ ਪਰ ਭਾਰਤ ਵਾਂਗ ਇਹ ਇਕਦਮ ਬੰਦ ਨਹੀਂ ਕੀਤੇ ਗਏ। ਪਾਕਿਸਤਾਨ ਸਰਕਾਰ ਨੇ ਨੋਟ ਬਦਲਾਉਣ ਲਈ ਨਾਗਰਿਕਾਂ ਨੂੰ ਛੇ ਸਾਲ ਦਾ ਸਮਾਂ ਦਿੱਤਾ ਹੈ।
ਪਾਕਿਸਤਾਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 10, 50, 100 ਤੇ ਇੱਕ ਹਜ਼ਾਰ ਰੁਪਏ ਦੇ ਨੋਟਾਂ ਦੀ ਕਾਨੂੰਨੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਹਾਲਾਂਕਿ ਸਟੇਟ ਬੈਂਕ ਆਫ਼ ਪਾਕਿਸਤਾਨ ਵੱਲੋਂ 11 ਜੂਨ, 2015 ਨੂੰ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ 20 ਨਵੰਬਰ, 2016 ਤੱਕ ਪੁਰਾਣੇ ਨੋਟਾਂ ਨੂੰ ਬੈਂਕ ਤੋਂ ਐਕਸਚੇਂਜ ਕਰਵਾਇਆ ਜਾ ਸਕੇਗਾ।
ਪਾਕਿਸਤਾਨ ਦੀ ਨੋਟਬੰਦੀ ਭਾਰਤ ਦੀ ਨੋਟ ਬੰਦੀ ਤੋਂ ਵੱਖਰੀ ਹੈ। ਇੱਥੇ ਪੁਰਾਣੇ ਡਿਜ਼ਾਈਨ ਵਾਲੇ ਨੋਟਾਂ ਨੂੰ ਬਾਹਰ ਕਰ ਕੇ ਨਵੇਂ ਡ਼ਿਜ਼ਾਇਨ ਦੀ ਕਰੰਸੀ ਨੂੰ ਦੇਸ਼ ਵਿੱਚ ਲਾਗੂ ਕਰਨਾ ਹੈ। ਇਸ ਦਾ ਕਾਲੇ ਧਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।