1….ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਸਟੇਜ ਅਦਾਕਾਰਾ ਕਿਸਮਤ ਬੇਗ ਤੇ ਉਨ੍ਹਾਂ ਦੇ ਗਾਰਡ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਬੇਗ 'ਤੇ ਇਹ ਹਮਲਾ ਉਸ ਵਕਤ ਹੋਇਆ ਜਦੋਂ ਉਹ ਆਪਣੀ ਕਾਰ ਵਿੱਚ ਲਾਹੌਰ ਦੇ ਹਰਬੰਸਪੁਰਾ ਤੋਂ ਲੰਘ ਰਹੀ ਸੀ। ਜ਼ਖਮੀ ਬੇਗ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਮ ਤੋੜ ਦਿੱਤਾ। ਹਮਲੇ ਪਿੱਛੋਂ ਹਮਲਾਵਰ ਬੇਗ ਦਾ ਫੋਨ ਤੇ ਗਲੇ ਦੀ ਚੇਨ ਵੀ ਲੈ ਗਏ। ਕਿਸਮਤ ਦੀ ਮਾਂ ਨੇ ਇਸ ਨੂੰ ਲੁੱਟ ਮੰਨਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਬੇਗ 'ਤੇ ਪਹਿਲਾਂ ਵੀ 2 ਵਾਰ ਹਮਲੇ ਹੋ ਚੁੱਕੇ ਹਨ।


2...ਸੇਵਾ ਮੁਕਤ ਹੋਣ ਤੋਂ ਪੰਜ ਦਿਨ ਪਹਿਲਾਂ ਪਾਕਿਸਤਾਨ ਦੇ ਸੈਨਾ ਮੁਖੀ ਰਾਹੀਲ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਰਾਹੀਲ ਮੁਤਾਬਕ ਜੇਕਰ ਪਾਕਿਸਤਾਨ ਸਰਜੀਕਲ ਸਟ੍ਰਾਇਕ ਕਰੇਗਾ ਤਾਂ ਭਾਰਤ ਦੀਆਂ ਪੀੜ੍ਹੀਆਂ ਇਸ ਨੂੰ ਸਿਲੇਬਸ ਵਿੱਚ ਪੜ੍ਹਨਗੀਆਂ। ਰਾਹੀਲ ਸ਼ਰੀਫ ਨੇ ਭਾਰਤ ਦੀ ਇਸ ਗੱਲ ਨੂੰ ਵੀ ਖਾਰਜ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ ਵਿੱਚ ਸਰਜੀਕਲ ਸਟ੍ਰਾਇਕ ਕੀਤੀ ਸੀ।

3….ਨੇਪਾਲ ਵਿੱਚ ਭਾਰਤੀ 500 ਤੇ 1000 ਹਜ਼ਾਰ ਦੇ ਪੁਰਾਣੇ ਨੋਟਾਂ ਨੂੰ ਅਵੈਧ ਮੰਨਿਆ ਜਾਵੇਗਾ। ਇਸ ਨੂੰ ਸਥਾਨਕ ਮੁਦਰਾ ਨਾਲ ਬਦਲਣ 'ਤੇ ਰੋਕ ਰਹੇਗੀ। ਨੇਪਾਲ ਦੇ ਕੇਂਦਰੀ ਬੈਂਕ ਮੁਤਾਬਕ ਜਦੋਂ ਤੱਕ ਭਾਰਤ ਵੱਲੋਂ ਸਬੰਧਤ ਸਮਝੌਤੇ 'ਤੇ ਸਵੀਕਾਰਤਾ ਨਹੀਂ ਮਿਲਦੀ ਉਦੋਂ ਤੱਕ ਨੋਟ ਬਦਲੇ ਨਹੀਂ ਜਾ ਸਕਦੇ।

4…..ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੇਟਸੀ ਡਿਵੋਸ ਨੂੰ ਆਪਣੀ ਨਵੀਂ ਸਿੱਖਿਆ ਮੰਤਰੀ ਚੁਣਿਆ ਹੈ। ਸਮਾਚਾਰ ਏਜੰਸੀ ਐਫੇ ਨਿਊਜ਼ ਮੁਤਾਬਕ ਟਰੰਪ ਨੇ ਕਿਹਾ ਬੇਟਸੀ ਡਿਵੋਸ ਸਿੱਖਿਆ ਦੀ ਸ਼ਾਨਦਾਰ ਤੇ ਜੋਸ਼ੀਲੀ ਵਕੀਲ ਹੈ।

5….ਬੀਬੀਸੀ ਦੀ ਖਬਰ ਮੁਤਾਬਕ ਕੋਲੰਬੀਆ ਸਰਕਾਰ ਤੇ ਇੱਥੋਂ ਦੇ ਸਭ ਤੋਂ ਵੱਡੇ ਵਿਦਰੋਹੀ ਗੁੱਟ ਫਾਰਕ ਵਿਚਾਲੇ ਸੋਧੇ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਹੋ ਗਏ ਹਨ। ਇਸ ਮਗਰੋਂ ਪੰਜ ਦਹਾਕਿਆਂ ਤੋਂ ਚੱਲੇ ਆ ਰਹੇ ਸੰਘਰਸ਼ 'ਤੇ ਰੋਕ ਲੱਗੇਗੀ। ਇਸ ਤੋਂ ਪਹਿਲਾਂ ਇਹ ਸਮਝੌਤਾ ਰਾਏਸ਼ੁਮਾਰੀ ਦੌਰਾਨ ਜਨਤਾ ਨੇ ਖਾਰਜ ਕਰ ਦਿੱਤਾ ਸੀ।

6…..ਇਰਾਕ ਦੀ ਰਾਜਧਾਨੀ ਬਗਦਾਦ ਦੇ ਨਜ਼ਦੀਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਕਾਰ ਬੰਬ ਧਮਾਕਾ ਕੀਤਾ। ਇਸ ਵਿੱਚ ਕਰੀਬ 100 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ।

7….ਸੀਰੀਆ ਦੇ ਅਲੈਪੋ ਸ਼ਹਿਰ ਵਿੱਚ ਸੈਨਾ ਦੇ ਹਵਾਈ ਹਮਲਿਆਂ ਦੌਰਾਨ 32 ਲੋਕਾਂ ਦੀ ਮੌਤ ਹੋ ਗਈ। ਆਈ.ਐਸ. ਨੂੰ ਨਿਸ਼ਾਨਾ ਬਣਾ ਕੀਤੇ ਹਮਲੇ ਵਿੱਚ ਇੱਕ ਬੱਚੇ ਦਾ ਪੈਰ ਮਲਬੇ ਵਿੱਚ ਫਸ ਗਿਆ ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

8……ਇਜ਼ਰਾਇਲ ਦੇ ਸ਼ਹਿਰ ਹੈਫਾ ਵਿੱਚ ਭਿਆਨਕ ਹੋ ਰਹੀ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਹਾਂ ਤੇ ਲਿਜਾਇਆ ਜਾ ਰਿਹਾ ਹੈ। ਬੀਬੀਸੀ ਦੀ ਖਬਰ ਮੁਤਾਬਕ ਤੇਜ਼ ਹਵਾ ਕਾਰਨ ਇਹ ਅੱਗ ਜ਼ਿਆਦਾ ਭੜਕੀ ਹੈ। ਇਜ਼ਰਾਇਲ ਦੇ ਪੁਲਿਸ ਮੁਖੀ ਮੁਤਾਬਕ ਅੱਗ ਜਾਣਬੁੱਝ ਲਾਉਣ ਦਾ ਮਾਮਲਾ ਵੀ ਹੋ ਸਕਦਾ ਹੈ।