ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਬਦਲਣ ਦਾ ਸਿਲਸਿਲਾ ਅੱਗੇ ਵਧਦਾ ਜਾ ਰਿਹਾ ਹੈ। ਪਾਰਟੀ ਨੇ ਹੁਣ ਮੋਗਾ ਦੇ ਧਰਮਕੋਟ ਤੋਂ ਉਮੀਦਵਾਰ ਡਾ. ਰਣਜੋਧ ਸਿੰਘ ਸਰਾਂ ਦੀ ਟਿਕਟ ਰੱਦ ਕਰ ਦਿੱਤੀ ਹੈ। ਵਜ੍ਹਾ ਦੱਸੀ ਗਈ ਸਰਾਂ ਵੱਲੋਂ ਚੋਣ ਪ੍ਰਚਾਰ ਠੀਕ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ। ਸਰਾਂ ਚੋਣ ਪ੍ਰਚਾਰ 'ਚ ਢਿੱਲੇ ਚੱਲ੍ਹ ਰਹੇ ਹਨ। ਡਾ. ਰਣਜੋਧ ਦੀ ਥਾਂ 'ਤੇ ਹੁਣ ਆਮ ਆਦਮੀ ਪਾਰਟੀ ਨੇ ਦਲਜੀਤ ਸਿੰਘ ਸਦਰਪੁਰਾ ਨੂੰ ਉਮੀਦਵਾਰ ਬਣਾਇਆ ਹੈ।







'ਆਪ' ਦੇ ਧਰਮਕੋਟ ਤੋਂ ਨਵੇਂ ਉਮੀਦਵਾਰ 42 ਸਾਲਾ ਦਲਜੀਤ ਸਿੰਘ ਸਦਰਪੁਰਾ ਗ੍ਰੇਜੂਏਟ ਹੋਣ ਦੇ ਨਾਲ-ਨਾਲ ਪੰਜਾਬ ਦੇ ਪ੍ਰਗਤੀਸ਼ੀਲ ਕਿਸਾਨ ਵਜੋਂ ਆਪਣੀ ਪਹਿਚਾਣ ਰੱਖਦੇ ਹਨ। ਉਹ ਪ੍ਰੋਗਰੇਸਿਵ ਡੇਅਰੀ ਫਾਰਮਰਸ ਐਸੋਸਿਏਸ਼ਨ ਪੰਜਾਬ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਹੋਣ ਦੇ ਨਾਲ-ਨਾਲ ਆਲ ਇੰਡੀਆ ਡੇਅਰੀ ਫਾਰਮਰ ਐਸੋਸਿਏਸ਼ਨ ਦੇ ਵੀ ਪ੍ਰਧਾਨ ਹਨ। ਇਸਤੋਂ ਇਲਾਵਾ ਪੰਜਾਬ ਕਿਸਾਨ ਕਮਿਸ਼ਨ ਦੇ ਮੈਂਬਰ ਵੀ ਹਨ। 






ਇਸਤੋਂ ਪਹਿਲਾਂ ਢਿੱਲਾ ਚੋਣ ਪ੍ਰਚਾਰ ਕਰਨ ਦੇ ਨਾਮ 'ਤੇ ਪਠਾਨਕੋਟ ਦੇ ਭੋਆ ਤੋਂ ਉਮੀਦਵਾਰ ਵਿਨੋਦ ਕੁਮਾਰ ਦੀ ਟਿਕਟ ਵਾਪਸ ਲੈ ਲਈ ਗਈ ਸੀ। ਉਨ੍ਹਾਂ ਦੀ ਥਾਂ ਅਮਰਜੀਤ ਸਿੰਘ ਨੂੰ ਨਵਾਂ ਉਮੀਦਵਾਰ ਐਲਨਿਆ ਗਿਆ ਹੈ। ਹਾਲਾਂਕਿ ਵਿਨੋਦ ਕੁਮਾਰ ਨੇ ਇਲਜ਼ਾਮ ਲਾਇਆ ਸੀ ਕਿ 'ਆਪ' ਨੇਤਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਉਨ੍ਹਾ ਤੋਂ 1 ਕਰੋੜ ਰੁਪਏ ਮੰਗੇ ਸਨ। ਪੈਸੇ ਨਾ ਦੇ ਸਕਣ ਕਾਰਨ ਉਮੀਦਵਾਰੀ ਛੱਡਣ ਦਾ ਦਬਾਅ ਬਣਾਇਆ ਸੀ। ਵਿਨੋਦ ਕੁਮਾਰ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਸੀ।