ਚੰਡੀਗੜ੍ਹ : ਭਗਤ ਸਿੰਘ ਦਾ ਪਿਸਤੌਲ ਬਾਰਡਰ ਸਿਕਿਉਰਿਟੀ ਫੋਰਸ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚੋਂ ਲੱਭ ਜਾਣ ਤੋਂ ਬਾਅਦ ਇਸ ਇਤਿਹਾਸਕ ਹਥਿਆਰ ਨੂੰ ਪੰਜਾਬ ਲਿਆਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਪੰਜਾਬ ਸਰਕਾਰ ਨੇ ਵੀ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਪਿਸਤੌਲ ਨੂੰ ਪੰਜਾਬ ਲਿਆਉਣ ਦੀ ਗੱਲ ਆਖੀ ਹੈ।
ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਭਗਤ ਸਿੰਘ ਦਾ ਪਿਸਤੌਲ ਪੰਜਾਬ ਲਿਆਉਣ ਦਾ ਮਾਮਲਾ ਉਠਾਵੇਗੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਪਿਸਤੌਲ ਨੇ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਭਗਤ ਸਿੰਘ ਪੰਜਾਬ ਨਾਲ ਸਬੰਧਿਤ ਸੂਰਮਾ ਸੀ, ਇਸ ਲਈ ਇਤਿਹਾਸਕ ਹਥਿਆਰ ਨੂੰ ਪੰਜਾਬ ਲਿਆਂਦਾ ਜਾਣਾ ਚਾਹੀਦਾ ਹੈ।
ਸ਼ਹੀਦ ਭਗਤ ਸਿੰਘ ਦੇ ਭਤੀਜੇ ਪ੍ਰੋਫ਼ੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਇਹ ਇਤਿਹਾਸਕ ਹਥਿਆਰ ਲੱਭ ਗਿਆ ਹੈ। ਹੁਣ ਇਸ ਪਿਸਤੌਲ ਨੂੰ ਪੰਜਾਬ ਲਿਆਂਦਾ ਜਾਣਾ ਚਾਹੀਦਾ ਹੈ। ਇਸ ਦੌਰਾਨ ਕਾਂਗਰਸੀ ਆਗੂ ਮਨਪ੍ਰੀਤ ਬਾਦਲ ਮੰਗ ਕਰ ਚੁੱਕੇ ਹਨ ਕਿ ਭਗਤ ਸਿੰਘ ਦੇ ਪਿਸਤੌਲ ਨੂੰ ਆਮ ਹਥਿਆਰ ਵਜੋਂ ਨਾ ਲਿਆ ਜਾਵੇ, ਬਲਕਿ ਕੌਮੀ ਵਸਤੂ ਵਜੋਂ ਪ੍ਰਦਰਸ਼ਿਤ ਕੀਤਾ ਜਾਵੇ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਪਿਸਤੌਲ ਨੂੰ ਪੈਟਨ ਟੈਂਕਾਂ ਤੋਂ ਵੱਧ ਤਰਜੀਹ ਦਿੱਤੀ ਜਾਵੇ। ਇਸ ਦੌਰਾਨ ਕਾਂਗਰਸ ਦੀ ਤਰਜਮਾਨ ਨਮੀਸ਼ਾ ਮਹਿਤਾ ਨੇ ਮੰਗ ਕੀਤੀ ਭਗਤ ਸਿੰਘ ਦੇ ਪਿਸਤੌਲ ਨੂੰ ਪੰਜਾਬ ਲਿਆ ਕੇ ਖਟਕੜ ਕਲ੍ਹਾਂ ਵਿੱਚ ਰੱਖਿਆ ਜਾਵੇ।