ਚੰਡੀਗੜ੍ਹ: ਆਮ ਆਦਮੀ ਪਾਰਟੀ 'ਤੇ ਲੱਗ ਰਹੇ ਇਲਜ਼ਾਮਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਪਾਰਟੀ ਦੇ ਪੰਜਾਬ 'ਚ ਸਾਬਕਾ ਜੋਨਲ ਇੰਚਾਰਜ ਨੇ ਫਿਰ ਪਾਰਟੀ 'ਤੇ ਕਈ ਇਲਜ਼ਾਮ ਲਗਾਏ ਹਨ। ਸਾਬਕਾ ਜੋਨ ਇਚਾਰਜ ਗੁਰਿੰਦਰ ਬਾਜਵਾ ਨੇ ਕਿਹਾ ਕਿ ਜਿਹੜੇ ਵਰਕਰਾਂ ਨੇ ਦਿਨ ਰਾਤ ਮਿਹਨਤ ਕਰ ਕੇ ਪਾਰਟੀ ਨੂੰ ਪੰਜਾਬ 'ਚ ਉੱਪਰ ਚੁੱਕਿਆ, ਉਨ੍ਹਾਂ ਨੂੰ ਹੀ ਸਾਈਡ ਲਾਈਨ ਕਰ ਦਿੱਤਾ ਗਿਆ। ਇਲਜ਼ਾਮ ਲਗਾਇਆ ਗਿਆ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ 'ਚ ਕੋਹਾਂ ਦਾ ਫਰਕ ਹੈ।
ਚੰਡੀਗੜ੍ਹ 'ਚ ਇੱਕ ਪ੍ਰੈੱਸ ਕਾਨਫਰੰਸ ਕਰ 'ਆਪ' ਦੇ ਪੰਜਾਬ 'ਚ ਸਾਬਕਾ ਜੋਨ ਇੰਚਾਰ ਗੁਰਿੰਦਰ ਬਾਜਵਾ ਤੇ ਉਨ੍ਹਾਂ ਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਤੇ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ। ਛੋਟੇਪੁਰ ਦਾ ਸਮਰਥਨ ਕਰਦਿਆਂ ਉਨ੍ਹਾਂ ਸਿੱਧੇ ਤੌਰ 'ਤੇ ਕੇਜਰੀਵਾਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ 'ਚ ਪਾਰਟੀ ਦਾ ਅਧਾਰ ਬਣਾਉਣ ਵਾਲੇ ਲੀਡਰਾਂ ਨੂੰ ਹੁਣ ਸਾਈਡਲਾਈਨ ਕਰ ਦਿੱਤਾ ਗਿਆ ਹੈ। ਬਾਜਵਾ ਇੱਥੇ ਲੋਕਾਂ ਨੂੰ ਛੋਟੇਪੁਰ ਦੇ ਹੱਕ 'ਚ ਨਿੱਤਰਨ ਦੀ ਅਪੀਲ ਵੀ ਕਰ ਰਹੇ ਸਨ।
ਪਾਰਟੀ 'ਤੇ ਗੁੱਸਾ ਕੱਢ ਰਹੇ ਇਹਨਾਂ ਲੀਡਰਾਂ ਨੇ 'ਆਪ' ਨੇ ਆਸਵਾਈਐਲ ਮੁੱਦੇ 'ਤੇ ਵੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਪੰਜਾਬ ਦੀ ਭਲਾਈ ਲਈ ਇਸ ਪਾਰਟੀ 'ਚ ਸ਼ਾਮਲ ਹੋਏ ਸਨ। ਪਰ ਇੱਥੇ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਸੀ। ਉਨ੍ਹਾਂ ਦੱਸਿਆ ਕਿ ਹੁਣ ਛੋਟੇਪੁਰ 16 ਸਤੰਬਰ ਤੋਂ ਬਾਅਦ ਆਪਣੀ ਅਗਲੀ ਰਣਨੀਤੀ ਬਾਰੇ ਐਲਾਨ ਕਰਨਗੇ।