ਸੰਗਰੂਰ: ਮਾਲੇਰਕੋਟਲਾ ਬੇਅਦਬੀ ਮਾਮਲੇ 'ਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਯਾਦਵ ਦੀ ਗ੍ਰਿਫਤਾਰੀ ਹੋ ਸਕਦੀ ਹੈ। ਪੁਲਿਸ ਮੁਤਾਬਕ ਨਰੇਸ਼ ਖਿਲਾਫ ਪੁਖ਼ਤਾ ਸਬੂਤ ਮਿਲ ਗਏ ਹਨ ਤੇ ਗ੍ਰਿਫ਼ਤਾਰ ਲਈ ਅਦਾਲਤ ਪਾਸੋਂ ਵਾਰੰਟ ਹਾਸਲ ਕੀਤੇ ਜਾਣਗੇ। ਕੱਲ੍ਹ ਸੰਗਰੂਰ ਪੁਲੀਸ ਵੱਲੋਂ 'ਆਪ' ਵਿਧਾਇਕ ਤੋਂ ਕਰੀਬ ਅੱਠ ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਸੀ।


 

 

'ਆਪ' ਵਿਧਾਇਕ ਨਰੇਸ਼ ਯਾਦਵ ਨੇ ਇਲਜ਼ਾਮ ਲਾਇਆ ਕਿ ਪੁਲੀਸ ਨੇ ਪੁੱਛਗਿੱਛ ਦੌਰਾਨ ਉਸ ਨਾਲ ਕਾਫੀ ਜ਼ਿਆਦਤੀ ਤੇ ਬੁਰਾ ਵਿਵਹਾਰ ਕੀਤਾ। ਬੇਅਦਬੀ ਮਾਮਲੇ 'ਚ ਦਬਾਅ ਪਾ ਕੇ ਜ਼ਬਰਦਸਤੀ ਗੱਲ ਮਨਵਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਜ਼ਿਲ੍ਹੇ ਦੇ ਐਸਐਸਪੀ ਪ੍ਰਿਤਪਾਲ ਸਿੰਘ ਥਿੰਦ ਨੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਪੁੱਛਗਿੱਛ ਦੌਰਾਨ ਥੋੜੀ ਬਹੁਤ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਰੇਸ਼ ਖਿਲਾਫ ਪੁਖ਼ਤਾ ਸਬੂਤ ਮਿਲ ਗਏ ਹਨ ਤੇ ਹੁਣ ਗ੍ਰਿਫ਼ਤਾਰੀ ਲਈ ਅਦਾਲਤ ਤੋਂ ਵਾਰੰਟ ਲਿਆ ਜਾਏਗਾ।

 

 

ਕੱਲ੍ਹ ਨਰੇਸ਼ ਯਾਦਵ ਦੇ ਨਾਲ 'ਆਪ' ਲੀਡਰ ਸੁੱਚਾ ਸਿੰਘ ਛੋਟੇਪੁਰ, ਹਿੰਮਤ ਸਿੰਘ ਸ਼ੇਰਗਿੱਲ ਸਵੇਰੇ ਕਰੀਬ ਸਵਾ 11 ਵਜੇ ਸੀਆਈਏ ਸਟਾਫ ਪਹੁੰਚੇ। ਇਸ ਤੋਂ ਬਾਅਦ ਸਾਂਸਦ ਭਗਵੰਤ ਮਾਨ ਵੀ ਇੱਥੇ ਪਹੁੰਚੇ ਗਏ। ਪੁਲਿਸ ਅਧਿਕਾਰੀਆਂ ਨੇ ਨਰੇਸ਼ ਯਾਦਵ ਨੂੰ ਵੱਖਰੇ ਕਮਰੇ ’ਚ ਲਿਜਾ ਕੇ ਪੁੱਛਗਿੱਛ ਕੀਤੀ। ਪਰ ਇਸ ਦੌਰਾਨ ਬਾਕੀ ਲੀਡਰਾਂ ਨੂੰ ਵੱਖਰੇ ਕਮਰੇ 'ਚ ਬਿਠਾਇਆ ਗਿਆ। ਇਸ ਦੌਰਾਨ ਐਸਐਸਪੀ ਪ੍ਰਿਤਪਾਲ ਸਿੰਘ ਥਿੰਦ, ਐਸਪੀ ਜਸਕਰਨਜੀਤ ਸਿੰਘ ਤੇਜਾ ਤੇ ਸੀਆਈਏ ਇੰਚਾਰਜ ਸਤਨਾਮ ਸਿੰਘ ਨੇ ਯਾਦਵ ਸਮੇਤ ਅੱਠ ਜਣਿਆਂ ਤੋਂ ਸ਼ਾਮ ਸਾਢੇ ਸੱਤ ਵਜੇ ਤੱਕ ਪੁੱਛ-ਗਿੱਛ ਕੀਤੀ। ਨਰੇਸ਼ ਯਾਦਵ ਤੇ ਵਿਜੇ ਕੁਮਾਰ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਸਵਾਲੇ ਪੁੱਛੇ ਗਏ। ਇਸ ਤੋਂ ਇਲਾਵਾ ਨੰਦ ਕਿਸ਼ੋਰ, ਗੌਰਵ ਅਤੇ ਡਰਾਈਵਰ ਸੰਜੇ ਕੁਮਾਰ, ਮੋਗਾ ਦੇ ਐਨਆਰਆਈ ਕੇਵਲ ਸਿੰਘ ਸੰਘਾ, ਸ਼ਿਵਦੇਵ ਸਿੰਘ ਅਤੇ ਨਵੀਨ ਸੈਣੀ ਤੋਂ ਵੀ ਪੁੱਛਗਿੱਛ ਕੀਤੀ ਗਈ।