ਪਟਿਆਲਾ: ਚੋਣ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਕੇ ਬੁਰੀ ਫਸੀ ਆਮ ਆਦਮੀ ਪਾਰਟੀ ਦੀ ਇਸ ਗਲਤੀ ਦੀ ਪਟਿਆਲਾ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਵੀ ਅਲੋਚਨਾ ਕੀਤੀ ਹੈ। ਡਾ. ਗਾਂਧੀ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਕਾਰਨ ਆਮ ਆਦਮੀ ਪਾਰਟੀ ਪ੍ਰਤੀ ਪੰਜਾਬ ਦੇ ਲੋਕਾਂ ਦਾ ਯਕੀਨ ਘਟਦਾ ਜਾ ਰਿਹਾ ਹੈ।


 

 

 

ਡਾ. ਗਾਂਧੀ ਨੇ ਆਮ ਆਦਮੀ ਪਾਰਟੀ ਦੀ ਇਸ ਗਲਤੀ ਦਾ ਕਾਰਨ ਦਿੱਲੀ ਦੇ ਆਗੂਆਂ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲਣ ਨੂੰ ਦੱਸਿਆ ਹੈ। ਉਨ੍ਹਾਂ ਆਖਿਆ ਕਿ ਪਾਰਟੀ ਵੱਲੋਂ ਪੰਜਾਬ ਤੋਂ ਬਾਹਰੀ ਲੋਕਾਂ ਨੂੰ ਪੰਜਾਬ ਵਿੱਚ ਪਾਰਟੀ ਦੀ ਕਮਾਨ ਸੰਭਾਲੀ ਗਈ ਹੈ। ਇਹ ਬਾਹਰੀ ਆਗੂ ਪੰਜਾਬ ਦੀਆਂ ਰਵਾਇਤਾਂ ਨੂੰ ਨਹੀਂ ਜਾਣਦੇ। ਇਹੋ ਕਾਰਨ ਹੈ ਕਿ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਪਾਰਟੀ ਵੱਲੋਂ ਦੋ ਵੱਡੀਆਂ ਗਲਤੀਆਂ ਕਰਕੇ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ।

 

 

ਡਾ. ਗਾਂਧੀ ਨੇ ਆਖਿਆ ਕਿ ਹਮੇਸ਼ਾਂ ਧਰਮ ਤੇ ਰਾਜਨੀਤੀ ਨੂੰ ਅਲੱਗ ਰੱਖਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਵੀ ਅੱਜ ਪੂਰੀ ਤਰ੍ਹਾਂ ਧਰਮ ਦੀ ਰਾਜਨੀਤੀ ਕਰ ਰਹੀ ਹੈ। ਇਹੋ ਕਾਰਨ ਹੈ ਕਿ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਸੂਬੇ ਦੇ ਹਰ ਧਾਰਮਿਕ ਡੇਰਿਆਂ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ।