ਭੁੱਲ ਬਖਸ਼ਾਉਣ ਆਏ ਫੂਲਕਾ ਬਾਦਲ ਤੇ ਮਜੀਠੀਆ 'ਤੇ ਵਰ੍ਹੇ
ਏਬੀਪੀ ਸਾਂਝਾ | 10 Jul 2016 02:56 AM (IST)
ਅਮ੍ਰਿਤਸਰ: ਆਮ ਆਦਮੀ ਪਾਰਟੀ ਲੀਡਰ ਐਚ.ਐਸ ਫੂਲਕਾ ਪਾਰਟੀ ਦੀ ਗ਼ਲਤੀ ਦੀ ਭੁੱਲ ਬਖਸ਼ਾਉਣ ਲਈ ਅੱਜ ਹਰਮੰਦਰ ਸਾਹਿਬ ਪਹੁੰਚੇ। ਉਨ੍ਹਾਂ ਤੜਕੇ ਗੁਰੂ ਰਾਮ ਦਾਸ ਲੰਗਰ ਹਾਲ ਵਿਖੇ ਸੇਵਾ ਕੀਤੀ ਤੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਮੁਆਫੀ ਮੰਗੀ। ਦਰਅਸਲ ਬੀਤੇ ਐਤਵਾਰ ਅਮ੍ਰਿਤਸਰ 'ਚ ਨੌਜਵਾਨਾਂ ਲਈ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਹਰਮੰਦਰ ਸਾਹਿਬ ਪੁੱਜੇ ਫੂਲਕਾ ਨੇ ਬਿਕਰਮ ਮਜੀਠੀਆ ਅਤੇ ਪ੍ਰ੍ਕਾਸ਼ ਸਿੰਘ ਬਾਦਲ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ। ਫੂਲਕਾ ਨੇ ਕਿਹਾ ਕਿ ਪਾਰਟੀ ਕੋਲੋਂ ਜੋ ਵੀ ਗ਼ਲਤੀ ਹੋਈ ਹੈ ਉਹ ਅਣਜਾਣੇ 'ਚ ਹੋਈ ਹੈ। ਪਾਰਟੀ ਦੇ ਕਿਸੇ ਵੀ ਲੀਡਰ ਨੇ ਕੁੱਝ ਵੀ ਜਾਣ-ਬੁੱਝ ਕੇ ਨਹੀਂ ਕੀਤਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਅਕਾਲੀ ਦਲ ਇਸ ਮੁੱਦੇ 'ਤੇ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਬਿਕਰਮ ਮਜੀਠੀਆ ਵੱਲੋਂ ਅਰੁਣ ਜੇਤਲੀ ਦੇ ਸਾਹਮਣੇ ਗੁਰਬਾਣੀ ਦੀਆਂ ਲਾਈਨਾਂ ਨਾਲ ਕੀਤੀ ਗਈ ਛੇੜ ਛਾੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਮਜੀਠੀਆ ਨੇ ਇਹ ਗ਼ਲਤੀ ਕੀਤੀ ਸੀ ਤਾਂ ਉਸ ਕੋਲੋਂ ਅਸਤੀਫਾ ਕਿਉਂ ਨਹੀਂ ਮੰਗਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਹਨ ਤੇ ਕੀ ਉਨ੍ਹਾਂ ਨੇ ਮਜੀਠੀਆ ਵਲੋਂ ਕੀਤੀ ਗਈ ਗ਼ਲਤੀ ਤੋਂ ਬਾਅਦ ਖੁਦ ਅਸਤੀਫਾ ਦਿੱਤਾ ਸੀ? ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨਾ ਕਰਨ। ਫੂਲਕਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਬਾਦਲ ਨੂੰ ਪੰਥ ਰਤਨ ਹੋਣ ਦੇ ਨਾਤੇ ਮਜੀਠੀਆ ਵਾਲੇ ਮਾਮਲੇ 'ਚ ਮੁਆਫੀ ਮੰਗ ਕੇ ਜਾਂ ਫਿਰ ਅਸਤੀਫਾ ਦੇ ਕੇ ਪੰਥ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਸੀ, ਪਰ ਉਨ੍ਹਾਂ ਅਜਿਹਾ ਕੁੱਝ ਵੀ ਨਹੀਂ ਕੀਤਾ। ਜੇਕਰ ਬਾਦਲ ਪੰਥ ਲਈ ਕੋਈ ਅਜਿਹਾ ਕੰਮ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਪੰਥ ਰਤਨ ਹੋਣ ਦਾ ਵੀ ਕੋਈ ਹੱਕ ਨਹੀਂ ਹੈ।