ਮਲੇਰਕੋਟਲਾ: ਬੇਅਦਬੀ ਮਾਮਲੇ 'ਚ ਸੰਗਰੂਰ ਜੇਲ੍ਹ 'ਚ ਬੰਦ 'ਆਪ' ਵਿਧਾਇਕ ਨਰੇਸ਼ ਯਾਦਵ ਨੂੰ ਵੱਡਾ ਝਟਕਾ ਲੱਗਾ ਹੈ। ਮਲੇਕਰੋਟਲਾ ਅਦਾਲਤ ਨੇ ਯਾਦਵ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕੱਲ੍ਹ ਪੁਲਿਸ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ। ਯਾਦਵ ਦੇ ਵਕੀਲਾਂ ਵੱਲੋਂ ਕੱਲ੍ਹ ਹੀ ਜਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ। ਇਸ 'ਤੇ ਅੱਜ ਸਵੇਰੇ ਸੁਣਵਾਈ ਹੋਣ ਤੋਂ ਬਾਅਦ ਇਹ ਫੈਸਲਾ ਆਇਆ ਹੈ।

 

 

ਮਲੇਰਕੋਟਲਾ ਦੇ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਸ਼੍ਰੀਮਤੀ ਪ੍ਰੀਤੀ ਸੁਖੀਜਾ ਨੇ ਨਰੇਸ਼ ਯਾਦਵ ਦੀ ਜ਼ਮਾਨਤ ਅਰਜੀ 'ਤੇ ਸੁਣਵਾਈ ਕਰਨ ਤੋਂ ਬਾਅਦ ਇਸ ਨੂੰ ਖਾਰਜ ਕਰ ਦਿੱਤਾ। ਯਾਦਵ ਦੇ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਮੁਤਾਬਕ ਉਹ ਜ਼ਮਾਨਤ ਲਈ ਜ਼ਿਲ੍ਹਾ ਸ਼ੈਸ਼ਨ ਕੋਰਟ ਦਾ ਰੁਖ ਕਰਨਗੇ।

 

ਨਰੇਸ਼ ਯਾਦਵ ਨੂੰ 24 ਜੁਲਾਈ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 25 ਜੁਲਾਈ ਨੂੰ ਮਲੇਰਕੋਟਲਾ ਦੀ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਸੀ। ਨਰੇਸ਼ ਯਾਦਵ ਦਾ ਨਾਮ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਜੇ ਨਾਮਕ ਵਿਅਕਤੀ ਨੇ ਲਿਆ ਸੀ। ਵਿਜੇ ਅਨੁਸਾਰ ਉਸ ਨੂੰ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲਈ ਨਰੇਸ਼ ਯਾਦਵ ਨੇ ਆਖਿਆ ਸੀ। ਨਰੇਸ਼ ਯਾਦਵ ਇਸ ਮਾਮਲੇ ਵਿੱਚ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਰਾਜਨੀਤਿਕ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।