ਗੁਰਦਾਸਪੁਰ: ਸ਼ਹਿਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਥੋਂ ਦੇ ਹੋਟਲ ਦੇ ਕਮਰੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ। ਪੁਲਿਸ ਨੂੰ ਲਾਸ਼ ਕੋਲੋਂ ਇੱਕ ਸੁਸਾਇਡ ਨੋਟ ਤੇ ਸਲਫਾਸ ਦੀਆਂ ਗੋਲੀਆਂ ਵੀ ਮਿਲੀਆਂ ਹਨ। ਪੁਲਿਸ ਨੇ ਸੁਸਾਇਡ ਨੋਟ ਦੇ ਆਧਾਰ 'ਤੇ ਇੱਕ ਮਹਿਲਾ ਸਮੇਤ 13 ਲੋਕਾਂ 'ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 

 

ਗੁਰਦਾਸਪੁਰ ਦੇ ਬੱਸ ਸਟੈਂਡ ਦੇ ਨਜ਼ਦੀਕ ਬੀਤੀ ਦੇਰ ਸ਼ਾਮ ਨੂੰ ਅੰਮ੍ਰਿਤਸਰ ਦਾ ਰਹਿਣ ਵਾਲਾ ਨੌਜਵਾਨ ਜਯੋਤੀ ਸੇਠ ਨੇ ਕਮਰਾ ਲਿਆ ਸੀ। ਰਾਤ ਨੂੰ ਉਹ ਉੱਥੇ ਹੀ ਰੁਕਿਆ। ਸਵੇਰੇ ਜਦੋਂ ਉਹ ਲੇਟ ਤੱਕ ਬਾਹਰ ਨਹੀਂ ਆਇਆ ਤਾਂ ਹੋਟਲ ਪ੍ਰਬੰਧਕ ਨੇ ਪੁਲਿਸ ਨੂੰ ਖ਼ਬਰ ਕੀਤੀ। ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਮਰਾ ਖੋਲ੍ਹਿਆ ਤਾਂ ਨੌਜਵਾਨ ਦੀ ਲਾਸ਼ ਪਈ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਕਰਨ ਤੇ ਲਾਸ਼ ਕੋਲੋਂ ਸੁਸਾਇਡ ਨੋਟ ਮਿਲਿਆ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਹ ਸ਼ਾਦੀਸ਼ੁਦਾ ਹੈ ਤੇ ਸਰਾਫ ਹੈ।

 

 

ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਨਾਲ ਉਸ ਦੇ ਸਬੰਧ ਸਨ ਪਰ ਮਹਿਲਾ ਉਸ ਨੂੰ ਕੁਝ ਸਮੇਂ ਤੋਂ ਪ੍ਰੇਸ਼ਾਨ ਕਰ ਰਹੀ ਸੀ। ਉਸ ਨੇ ਲਿਖਿਆ ਹੈ ਕਿ ਉਸ ਨੇ ਅੰਮ੍ਰਿਤਸਰ ਤੇ ਦੂਜੇ ਇਲਾਕੇ ਦੇ ਰਹਿਣ ਵਾਲੇ 12 ਲੋਕਾਂ ਤੋਂ ਪੈਸੇ ਲੈਣੇ ਹਨ ਪਰ ਉਹ ਦੇ ਨਹੀਂ ਰਹੇ। ਇਸ ਲਈ ਉਹ ਆਤਮ ਹੱਤਿਆ ਕਰ ਰਿਹਾ ਹੈ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ਵਿੱਚ 13 ਲੋਕਾਂ ਖਿਲਾਫ 306 ਦੇ ਤਹਿਤ ਕੇਸ ਦਰਜ ਕਰ ਲਿਆ ਹੈ।