ਸੰਗਰੂਰ: ਕਰਜ਼ ਦੇ ਦੈਂਤ ਨੇ ਇੱਕ ਹੋਰ ਕਿਸਾਨ ਨਿਗਲ ਲਿਆ ਹੈ। ਘਟਨਾ ਜਿਲ੍ਹੇ ਦੇ ਪਿੰਡ ਉਗਰਾਹਾਂ ‘ਚ ਵਾਪਰੀ ਹੈ। ਜਿੱਥੇ ਕਰਜ਼ ਦੇ ਚੱਲਦੇ ਪ੍ਰੇਸ਼ਾਨ ਚੱਲ ਰਹੇ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ।

 

 

ਜਾਣਕਾਰੀ ਮੁਤਾਬਕ ਉਗਰਾਹਾਂ ਪਿੰਡ ਦੇ 40 ਸਾਲਾ ਕਿਸਾਨ ਬਿੱਕਰ ਸਿੰਘ ਕੋਲ ਸਿਰਫ 1 ਏਕੜ ਜਮੀਨ ਸੀ। ਇੰਨੀ ਘੱਟ ਜਮੀਨ ‘ਚੋਂ ਘਰ ਦਾ ਗੁਜਾਰਾ ਵੀ ਨਹੀਂ ਹੋ ਰਿਹਾ ਸੀ। ਉਸ ਨੇ ਖੇਤੀ ਲਈ 5 ਏਕੜ ਜਮੀਨ ਠੇਕੇ 'ਤੇ ਲਈ ਹੋਈ ਸੀ। ਇਸ ਜਮੀਨ 'ਚ ਕਿਸਾਨ ਨੇ ਝੋਨਾ ਲਾਇਆ। ਪਰ ਕੁਦਰਤੀ ਮਾਰ ਦੇ ਚੱਲਦੇ ਫਸਲ ਬਰਬਾਦ ਹੋ ਗਈ। ਘਰ ਚਲਾਉਣ ਲਈ ਮਜਬੂਰਨ ਕਰਜ਼ ਚੁੱਕਣਾ ਪਿਆ। ਪਰ ਇਹ ਕਰਜ਼ ਉੱਤਰਨ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਸੀ। ਅਜਿਹੇ ‘ਚ ਕਿਸਾਨ ਦੇ ਸਿਰ ਕਰੀਬ 4 ਲੱਖ ਰੁਪਏ ਦਾ ਕਰਜ਼ ਜਾ ਚੜਿਆ।

 

 

ਸਿਰ ਚੜੇ ਕਰਜ਼ ਨੂੰ ਲੈ ਕੇ ਬਿੱਕਰ ਸਿੰਘ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਇਸ ਕਰਜ਼ ਨੂੰ ਉਤਾਰਨ ਦਾ ਕੋਈ ਰਾਸਤਾ ਨਜ਼ਰ ਨਾ ਆਉਣ ‘ਤੇ ਮਜਬੂਰਨ ਉਸ ਨੇ ਆਪਣੀ ਜਾਨ ਦੇਣ ਦਾ ਫੈਸਲਾ ਕਰ ਲਿਆ। ਆਖਰ ਖੇਤਾਂ ਦੇ ਪੁੱਤ ਨੇ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ।