ਕਰਜ਼ੇ ਨੇ ਨਿਗਲੇ 2 ਹੋਰ ਖੇਤਾਂ ਦੇ ਪੁੱਤ
ਏਬੀਪੀ ਸਾਂਝਾ | 10 Jul 2016 04:20 AM (IST)

ਬਠਿੰਡਾ: ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਲ੍ਹੇ ਦੇ ਦੋ ਹੋਰ ਕਿਸਾਨਾਂ ਨੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਬਠਿੰਡਾ ਜਿਲ੍ਹੇ ਦੇ ਪਿੰਡ ਮਾਈਸਰਖਾਨਾ ਦੇ ਇੱਕ ਕਿਸਾਨ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਜਦਕਿ ਪਿੰਡ ਮਿਰਜੇਆਣਾ ਦੇ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਬਠਿੰਡਾ ਦੇ ਪਿੰਡ ਮਾਈਸਰਖਾਨਾ ਦੇ 52 ਸਾਲਾ ਕਿਸਾਨ ਚਮਕੌਰ ਸਿੰਘ ਕੋਲ ਸਿਰਫ ਤਿੰਨ ਏਕੜ ਜ਼ਮੀਨ ਸੀ। ਘੱਟ ਜਮੀਨ ਤੇ ਜਿਆਦਾ ਖਰਚ ਦੇ ਚੱਲਦੇ ਉਸ ਦੇ ਸਿਰ ਲਗਾਤਾਰ ਕਰਜ ਚੜਦਾ ਜਾ ਰਿਹਾ ਸੀ। ਸਿਰ ਚੜਿਆ ਕਰਜ ਉਤਾਰਨ ਲਈ ਉਸ ਨੇ ਕੁੱਝ ਸਮਾਂ ਪਹਿਲਾਂ 6 ਕਨਾਲਾਂ ਜ਼ਮੀਨ ਵੀ ਵੇਚੀ ਸੀ। ਪਰ ਫਿਰ ਵੀ ਕਰਜ਼ੇ ਦੀ ਪੰਡ ਹੌਲੀ ਨਾ ਹੋਈ। ਅਜਿਹੇ 'ਚ ਉਹ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ। ਆਖਰ ਚਮਕੌਰ ਸਿੰਘ ਨੇ ਖੇਤ ਜਾ ਕੇ ਸਲਫਾਸ ਨਿਗਲ ਲਈ। ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚਮਕੌਰ ਦੇ ਪਰਿਵਾਰ ’ਚ ਇੱਕ ਲੜਕਾ ਤੇ ਪਤਨੀ ਹੈ। ਦੂਸਰਾ ਮਾਮਲਾ ਤਲਵੰਡੀ ਸਾਬੋ ਨੇੜਲੇ ਪਿੰਡ ਮਿਰਜੇਆਣਾ ਦਾ ਹੈ। ਪਿੰਡ ਦੇ 38 ਸਾਲਾ ਕਿਸਾਨ ਮੇਜਰ ਸਿੰਘ ਦੇ ਸਿਰ ਕਰੀਬ ਢਾਈ ਲੱਖ ਦਾ ਕਰਜ ਸੀ। ਲਗਾਤਾਰ ਖਰਾਬ ਹੋ ਰਹੀ ਫਸਲ ਦੇ ਚੱਲਦੇ ਕਰਜ ਉਤਾਰਨਾ ਮੁਸ਼ਕਲ ਹੋ ਰਿਹਾ ਸੀ। ਅਜਿਹੇ 'ਚ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਅੱਜ ਸਵੇਰੇ ਪਿੰਡ ਦੇ ਲੋਕਾਂ ਨੇ ਮੇਜਰ ਸਿੰਘ ਦੀ ਲਾਸ਼ ਖੇਤ 'ਚ ਇੱਕ ਦਰੱਖਤ ਨਾਲ ਲਟਕਦੀ ਮਿਲੀ। ਉਸ ਦੇ ਪਰਿਵਾਰ ’ਚ ਪਤਨੀ ਤੇ 12ਵੀਂ ਜਮਾਤ ’ਚ ਪੜ੍ਹਦਾ ਪੁੱਤ ਹੈ। ਮੇਜਰ ਸਿੰਘ ਪਹਿਲਾਂ ਵੀ ਦੋ ਤਿੰਨ ਵਾਰ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕਾ ਸੀ।