ਬਠਿੰਡਾ/ਰੋਪੜ: ਕਰਜ਼ ਦੇ ਨਾਗ ਨੇ 2 ਹੋਰ ਕਿਸਾਨਾਂ ਨੂੰ ਡੰਗ ਲਿਆ ਹੈ। ਖਬਰ ਪੰਜਾਬ ਦੇ ਬਠਿੰਡਾ ਤੇ ਰੋਪੜ ਜਿਲ੍ਹੇ ਤੋਂ ਹੈ। ਜਿੱਥੋਂ ਦੇ 2 ਕਿਸਾਨਾਂ ਨੇ ਕਰਜ਼ ਦੇ ਚੱਲਦੇ ਆਪਣੀ ਜਾਨ ਦੇ ਦਿੱਤੀ ਹੈ। ਪਹਿਲਾ ਮਾਮਲਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦਾ ਹੈ ਤੇ ਦੂਸਰੀ ਘਟਨਾ ਰੋਪੜ ਦੇ ਕੁਰਾਲੀ ਨੇੜਲੇ ਪਿੰਡ ਤਿਊੜ ‘ਚ ਵਾਪਰੀ ਹੈ। ਦੋਨਾਂ ਦੇ ਸਿਰ ਲੱਖਾਂ ਰੁਪਏ ਦਾ ਕਰਜ਼ ਸੀ।

 

 

 

ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ 35 ਸਾਲਾ ਕਿਸਾਨ ਸੁਰਜੀਤ ਸਿੰਘ ਕੋਲ ਥੋੜੀ ਜਮੀਨ ਸੀ। ਪਰ ਘਰ ਦੇ ਗੁਜਾਰੇ ਲਈ ਲਗਾਤਾਰ ਕਰਜ਼ ਚੁੱਕਣਾ ਪੈ ਰਿਹਾ ਸੀ। ਉਸ ਦੇ ਸਿਰ 8 ਲੱਖ ਰੁਪਏ ਬੈਂਕਾਂ ਅਤੇ 4 ਲੱਖ ਰੁਪਏ ਆੜਤੀ ਦਾ ਕਰਜ਼ ਸੀ। ਲੱਖ ਕੋਸ਼ਿਸ਼ ਦੇ ਬਾਅਦ ਕਰਜ਼ ਘੱਟ ਹੋਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਸੀ। ਅਜਿਹੇ ‘ਚ ਉਹ ਲਗਾਤਾਰ ਪ੍ਰੇਸ਼ਾਨ ਰਹਿਣ ਲੱਗਾ। ਆਖਰ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਸੁਰਜੀਤ ਨੇ ਜ਼ਹਿਰ ਨਿਗਲ ਖੁਦ ਨੂੰ ਇਸ ਕਰਜ਼ ਤੋਂ ਮੁਕਤ ਕਰ ਲਿਆ। ਪਰ ਉਸ ਦੇ ਇਸ ਕਦਮ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।

 

 

 

 

ਦੂਸਰਾ ਮਾਮਲਾ ਕੁਰਾਲੀ ਦੇ ਬਲਾਕ ਮਾਜਰੀ 'ਚ ਪੈਂਦੇ ਪਿੰਡ ਤਿਊੜ ਦਾ ਹੈ। ਇੱਥੋਂ ਦੇ 45 ਸਾਲਾ ਕਿਸਾਨ ਸੁਖਪਾਲ ਸਿੰਘ ਨੇ ਬੈਂਕ ਤੋਂ ਕਾਫੀ ਕਰਜ਼ਾ ਲਿਆ ਹੋਇਆ ਸੀ| ਕੁਝ ਦਿਨ ਪਹਿਲਾਂ ਸਹਿਕਾਰੀ ਬੈਂਕ ਵੱਲੋਂ ਉਸ ਨੂੰ 2.36 ਲੱਖ ਦਾ ਕਰਜ਼ਾ 15 ਦਿਨਾਂ ਦੇ ਅੰਦਰ ਮੋੜਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।