ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਨੇੜਲੇ ਪਿੰਡ ਕੌਰੇਵਾਲਾ ਦੇ 32 ਸਾਲਾ ਕਿਸਾਨ ਅਮਰਦਾਸ ਸਿੰਘ ਕੋਲ ਆਪਣੀ ਜਮੀਨ ਨਹੀਂ ਸੀ। ਉਹ ਜਮੀਨ ਠੇਕੇ 'ਤੇ ਲੈ ਕੇ ਖੇਤੀ ਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਪਰ ਕਈ ਵਾਰ ਫਸਲ ਖਰਾਬ ਹੋਣ 'ਤੇ ਮਹਿੰਗਾਈ ਕਾਰਨ ਵਧ ਰਹੇ ਖਰਚਿਆਂ ਦੇ ਚੱਲਦੇ ਉਸ ਦੇ ਸਿਰ ਕਾਫੀ ਕਰਜ ਚੜ੍ਹ ਗਿਆ ਸੀ। ਪਰ ਫਿਰ ਵੀ ਅਮਰਦਾਸ ਨੂੰ ਉਮੀਦ ਸੀ ਕਿ ਇਸ ਵਾਰ ਦੀ ਫਸਲ 'ਚੋਂ ਉਸ ਦਾ ਕਰਜਾ ਘੱਟ ਹੋ ਜਾਏਗਾ। ਪਰ ਚਿੱਟੇ ਮੱਛਰ ਦੇ ਹਮਲੇ ਨੇ ਕਿਸਾਨ ਦੀ ਨਰਮੇ ਦੀ ਫਸਲ ਬਰਬਾਦ ਕਰ ਦਿੱਤੀ। ਅਜਿਹੇ 'ਚ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਇਸ ਦੇ ਚੱਲਦੇ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਇਸ ਕਿਸਾਨ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।
ਦੂਸਰੇ ਮਾਮਲੇ 'ਚ ਖੰਨਾ ਦੇ ਪਿੰਡ ਸਿਰਥਲਾ ਦੇ 44 ਸਾਲਾ ਮਜਦੂਰ ਕਰਮਜੀਤ ਸਿੰਘ ਦੇ ਘਰ ਦੇ ਆਰਥਿਕ ਹਲਾਤ ਠੀਕ ਨਹੀਂ ਸਨ। ਉਹ ਮਿਹਨਤ ਮਜਦੂਰੀ ਕਰ ਪਰਿਵਾਰ ਦਾ ਗੁਜਾਰਾ ਚਲਾ ਰਿਹਾ ਸੀ। ਪਰ ਜੀਅ ਤੋੜ ਮਿਹਨਤ ਦੇ ਬਾਵਜੂਦ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਸੀ। ਅਜਿਹੇ 'ਚ ਉਹ ਲਗਾਤਾਰ ਪ੍ਰੇਸ਼ਾਨ ਰਹਿਣ ਲੱਗਾ। ਆਖਰ ਇਸ ਮਜਦੂਰ ਨੇ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਖੁਦਕੁਸ਼ੀ ਦਾ ਰਾਸਤਾ ਚੁਣ ਲਿਆ।