ਅੰਮ੍ਰਿਤਸਰ: ਇਨਸਾਨੀ ਰਿਸ਼ਤੇ ਇੱਕ ਵਾਰ ਫਿਰ ਸ਼ਰਮਸਾਰ ਹੋਏ ਹਨ। ਪੈਸੇ ਦੇ ਲੈਣ-ਦੇਣ ਕਾਰਨ ਹੋਏ ਵਿਵਾਦ 'ਚ ਭੂਆ ਦੇ ਮੁੰਡੇ ਨੇ ਆਪਣੇ ਮਾਮੇ ਦੇ ਮੁੰਡੇ 'ਤੇ ਤੇਜ਼ਾਬ ਸੁੱਟ ਦਿੱਤਾ ਹੈ। ਗੰਭੀਰ ਹਾਲਤ ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਤੇਜ਼ਾਬੀ ਹਮਲਾ ਇੰਨਾ ਖਤਰਨਾਕ ਸੀ ਕਿ ਪੀੜਤ ਦਾ ਹਾਲਤ ਅਤਿ ਨਾਜ਼ੁਕ ਬਣੀ ਹੋਈ ਹੈ। ਇਹ ਦਰਦਨਾਕ ਖਬਰ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਤੋਂ ਹੈ। ਇਸ ਹਮਲੇ ਦੌਰਾਨ ਬਚਾਅ ਕਰਨ ਆਏ ਪੀੜਤ ਦੇ ਦੋਸਤ 'ਤੇ ਵੀ ਤੇਜ਼ਾਬ ਸੁੱਟਿਆ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
 

 

ਜਾਣਕਾਰੀ ਮੁਤਾਬਕ ਪੀੜਤ ਬਲਵਿੰਦਰ ਸਿੰਘ ਸੈਂਡੀ ਟਰੱਕ ਡਰਾਈਵਰ ਹੈ। ਉਸ ਨੇ ਕਰੀਬ 5 ਮਹੀਨੇ ਪਹਿਲਾਂ ਇੱਕ ਪਲਾਟ ਵੇਚਿਆ ਸੀ। ਇਸ ਦੇ ਬਦਲੇ ਉਸ ਕੋਲ ਕੁਝ ਪੈਸਾ ਜਮਾਂ ਹੋ ਗਿਆ ਸੀ। ਇਸੇ ਦੌਰਾਨ ਉਸ ਦੀ ਭੂਆ ਦਾ ਮੁੰਡਾ ਅਮਰੀਕ ਇੱਕ ਦੁਕਾਨ ਖਰੀਦ ਕਰ ਰਿਹਾ ਸੀ ਪਰ ਉਸ ਕੋਲ ਦੋ ਲੱਖ ਰੁਪਏ ਘੱਟ ਸਨ। ਇਸ 'ਤੇ ਅਮਰੀਕ ਨੇ ਬਲਵਿੰਦਰ ਤੋਂ ਮਦਦ ਮੰਗੀ ਤਾਂ ਉਸ ਨੂੰ ਦੋ ਲੱਖ ਰੁਪਏ ਦੇ ਦਿੱਤੇ ਗਏ। ਵਾਅਦਾ ਕੀਤਾ ਗਿਆ ਕਿ ਇਹ ਰਕਮ ਕੁਝ ਮਹੀਨੇ 'ਚ ਹੀ ਵਾਪਸ ਕਰ ਦੇਵੇਗਾ।

 

 

 

ਕਾਫੀ ਸਮਾਂ ਬੀਤਣ ਬਾਅਦ ਵੀ ਅਮਰੀਕ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਇਸ 'ਤੇ ਬਲਵਿੰਦਰ ਲਗਾਤਾਰ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ ਪਰ ਹਰ ਵਾਲ ਉਸ ਨੂੰ ਸਿਵਾਏ ਟਾਲ-ਮਟੋਲ ਦੇ ਹੋਰ ਕੁਝ ਨਾ ਮਿਲਦਾ। ਆਖਰ ਦੁਖੀ ਹੋ ਕੇ ਬਲਵਿੰਦਰ ਅਮਰੀਕ ਦੇ ਘਰ ਪੈਸੇ ਲੈਣ ਲਈ ਗਿਆ। ਇਸ ਦੌਰਾਨ ਦੋਨਾਂ 'ਚ ਬਹਿਸ ਹੋ ਗਈ। ਇਸ 'ਤੇ ਭੜਕੇ ਅਮਰੀਕ ਨੇ ਬਲਵਿੰਦਰ 'ਤੇ ਤੇਜ਼ਾਬ ਦੀ ਬੋਤਲ ਡੋਲ ਦਿੱਤੀ। ਇੱਥੋਂ ਲੰਘ ਰਹੇ ਉਸ ਦੇ ਦੋਸਤ ਜਸਵਿੰਦ ਨੇ ਜਦ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕ ਨੇ ਉਸ 'ਤੇ ਵੀ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਰਿਸ਼ਤਿਆਂ ਨੂੰ ਸ਼ਰਮਸਾਰ ਕਰਦਿਆਂ ਇਸ ਦਰਦਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਰੀਕ ਮੌਕਾ ਤੋਂ ਫਰਾਰ ਹੋ ਗਿਆ।

 

 

 

ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਗੰਭੀਰ ਜਖਮੀ ਬਲਵਿੰਦਰ ਨੂੰ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।