NRI ਪਤਨੀ ਨਹੀਂ ਲੈ ਕੇ ਗਈ ਕੈਨੇਡਾ, ਨੌਜਵਾਨ ਨੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 31 Aug 2016 08:34 AM (IST)
ਕਪੂਰਥਲਾ: ਸੁਲਤਾਨਪੁਰ ਲੋਧੀ ਦੇ 28 ਸਾਲਾ ਨੌਜਵਾਨ ਅਰੁਣ ਨੇ ਆਪਣੀ ਐਨ.ਆਰ.ਆਈ. ਪਤਨੀ ਤੇ ਸੁਹਰਿਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ। ਨੌਜਵਾਨ ਦਾ ਤਕਰੀਬਨ ਡੇਢ ਸਾਲ ਪਹਿਲਾਂ ਜਨਵਰੀ 2015 ਵਿੱਚ ਵਿਆਹ ਹੋਇਆ ਸੀ। ਵਿਆਹ ਤੋਂ ਛੇ-ਸੱਤ ਮਹੀਨੇ ਬਾਅਦ ਹੀ ਉਸ ਦਾ ਆਪਣੀ ਪਤਨੀ ਚਰਨਜੀਤ ਕੌਰ ਤੇ ਆਪਣੇ ਸੁਹਰਿਆਂ ਨਾਲ ਵਿਵਾਦ ਸ਼ੁਰੂ ਹੋ ਗਿਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ ਤੇ ਉਸ ਨੇ ਅਰੁਣ ਨਾਲ ਗੱਲਬਾਤ ਕਰਨੀ ਵੀ ਛੱਡ ਦਿੱਤੀ ਸੀ। ਇਹ ਹੀ ਨਹੀਂ ਉਸ ਦੀ ਪਤਨੀ ਨੇ ਉਸ ਦੀ ਫਾਈਲ ਵੀ ਕੈਨੇਡਾ ਅਬੈਂਸੀ ਤੋਂ ਵਾਪਸ ਲੈ ਲਈ ਸੀ। ਇਸ ਦੇ ਨਾਲ ਹੀ ਅਰੁਣ ਸਮੇਤ ਉਸ ਦੇ ਪਰਿਵਾਰ 'ਤੇ ਦਹੇਜ਼ ਦਾ ਕੇਸ ਦਰਜ ਕਰਵਾ ਦਿੱਤਾ ਸੀ। ਹੁਣ ਅਰੁਣ ਦੀ ਪਤਨੀ ਤੇ ਉਸ ਦਾ ਪਰਿਵਾਰ ਰਾਜੀਨਾਮੇ ਲਈ 30 ਲੱਖ ਰੁਪਏ ਮੰਗ ਰਹੇ ਸਨ। ਜਿਸ ਕਾਰਨ ਅਰੁਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜ ਦਿੱਤੀ ਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਸੀ। ਇਸ ਵਿੱਚ ਉਸ ਨੇ ਆਪਣੀ ਮੌਤ ਦਾ ਕਾਰਨ ਆਪਣੀ ਕੈਨੇਡਾ ਰਹਿੰਦੀ ਪਤਨੀ ਤੇ ਉਸ ਦੇ ਪਰਿਵਾਰ ਨੂੰ ਦੱਸਿਆ ਹੈ। ਫਿਲਹਾਲ ਪੁਲਿਸ ਨੇ ਸੁਹਰੇ ਪਰਿਵਾਰ 'ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਸੁਸਾਇਡ ਨੋਟ ਤੇ ਘਟਨਾ ਨਾਲ ਸਬੰਧਤ ਵੀਡੀਓ ਕਬਜ਼ੇ ਵਿੱਚ ਲੈ ਕੇ ਸੁਹਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।