ਨਵੀਂ ਦਿੱਲੀ: ਬੀਜੇਪੀ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਤੇ ਸਾਬਕਾ ਅਕਾਲੀ ਵਿਧਾਇਕ ਪ੍ਰਗਟ ਸਿੰਘ ਨੇ ਕਾਂਗਰਸ ਜੁਆਇਨ ਕਰ ਲਈ ਹੈ। ਅੱਜ ਦਿੱਲੀ 'ਚ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਦੋਨਾਂ ਨੇ ਕਾਂਗਰਸ ਦਾ ਹੱਥ ਫੜਿਆ ਹੈ। ਇਸ ਦੌਰਾਨ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਸਨ। ਕੁੱਝ ਦਿਨ ਪਹਿਲਾਂ ਪਰਗਟ ਸਿੰਘ ਤੇ ਡਾ. ਨਵਜੋਤ ਕੌਰ ਸਿੱਧੂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ‘ਚ ਦੋਨਾਂ ਲੀਡਰਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ ਸੀ। ਪ੍ਰਗਟ ਸਿੰਘ ਤੇ ਨਵਜੋਤ ਕੌਰ ਸਿੱਧੂ ਦੇ ਕਾਂਗਰਸ ‘ਚ ਜਾਣ ਦੇ ਫੈਸਲੇ ਦੇ ਨਾਲ ਹੀ ਸਿੱਧੂ ਵੱਲੋਂ ਬਣਾਏ ਆਵਾਜ਼-ਏ-ਪੰਜਾਬ ਫਰੰਟ ਦਾ ਅਸਤਿਤਵ ਖਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਬੈਂਸ ਭਰਾ ਅਵਾਜ਼-ਏ-ਪੰਜਾਬ ਫਰੰਟ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਚੁੱਕੇ ਹਨ।