ਚੰਡੀਗੜ੍ਹ: ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੀਆਂ ਜੇਲ੍ਹਾਂ 'ਚੋਂ ਕੁੱਲ 189 ਕੈਦੀ ਭੱਜੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਮੁਤਾਬਕ ਸਾਲ 2005 ਤੋਂ 2015 ਤੱਕ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ 243 ਬੰਦੀ ਤੇ ਕੈਦੀ ਫਰਾਰ ਹੋਏ ਹਨ।


ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਪਿਛਲੇ ਨੌਂ ਸਾਲਾਂ ਦੌਰਾਨ ਜੇਲ੍ਹਾਂ ਵਿੱਚੋਂ 189 ਬੰਦੀ ਫ਼ਰਾਰ ਹੋਏ ਹਨ। ਸਾਲ 2007 ਵਿੱਚ ਜਦੋਂ ਗੱਠਜੋੜ ਸਰਕਾਰ ਬਣੀ ਸੀ ਤਾਂ ਇੱਕੋ ਸਾਲ 'ਚ 36 ਕੈਦੀ ਤੇ ਬੰਦੀ ਫ਼ਰਾਰ ਹੋਏ ਸਨ। ਸਾਲ 2010 ਵਿੱਚ 39 ਜਣੇ, 2014 ਤੇ 2015 ਵਿੱਚ ਅੱਧੀ ਦਰਜਨ ਕੈਦੀ ਤੇ ਹਵਾਲਾਤੀ ਫ਼ਰਾਰ ਹੋਏ ਹਨ।

ਸਾਲ 2012 ਵਿੱਚ ਜੇਲ੍ਹ ਤੋੜ ਕੇ ਫ਼ਰਾਰ ਹੋਣ ਦੀਆਂ ਤਿੰਨ ਵਾਰਦਾਤਾਂ ਹੋਈਆਂ ਹਨ। ਇਸੇ ਸਾਲ 11 ਬੰਦੀ ਫਰਾਰ ਹੋਏ ਹਨ। ਫਿਰੋਜ਼ਪੁਰ ਜੇਲ੍ਹ ਵਿੱਚੋਂ ਲੰਘੇ ਦਸ ਸਾਲਾਂ ਵਿੱਚ ਅੱਧੀ ਦਰਜਨ ਬੰਦੀ ਫ਼ਰਾਰ ਹੋਏ ਤੇ ਗੁਰਦਾਸਪੁਰ ਜੇਲ੍ਹ 'ਚੋਂ ਸਾਲ 2012 ਵਿੱਚ ਤਿੰਨ ਬੰਦੀ ਫ਼ਰਾਰ ਹੋ ਗਏ ਸਨ।

ਨਾਭਾ ਜੇਲ੍ਹ 'ਚੋਂ ਤਿੰਨ ਵਰ੍ਹਿਆਂ ਦੌਰਾਨ ਤਿੰਨ ਕੈਦੀ ਫਰਾਰ ਹੋਏ ਜਿਨਾਂ ਚ 6 ਕੈਦੀ ਬੀਤੇ ਦਿਨ ਫਰਾਰ ਹੋਣ ਨਾਲ ਇਹ ਗਿਣਤੀ 9 ਹੋ ਜਾਂਦੀ ਹੈ। ਭਾਵੇਂ ਜੇਲ੍ਹਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਗਏ ਹਨ ਪਰ ਕੈਦੀਆਂ ਦੇ ਫਰਾਰ ਹੋ ਦੇ ਮਾਮਲਿਆਂ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ ਜੋ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਪ੍ਰਣਾਲੀ 'ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ।