ਖੰਨਾ: ਆਪਣੇ ਕਾਰਨਾਮਿਆਂ ਕਾਰਨ ਚਰਚਾ 'ਚ ਰਹਿਣ ਵਾਲੀ ਪੰਜਾਬ ਪੁਲਿਸ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਪੁਲਿਸ ਨੇ ਆਪਣੇ ਹੀ ਇੱਕ ਐਸਐਚਓ ਨੂੰ ਰਿਸ਼ਵਤਖੋਰੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਹੈ। ਖਬਰ ਖੰਨਾ ਦੇ ਸਮਰਾਲਾ ਤੋਂ ਹੈ। ਜਿੱਥੇ ਐਸਐਸਪੀ ਖੰਨਾ ਸਤਿੰਦਰ ਸਿੰਘ ਵੱਲੋਂ ਕੀਤੀ ਕਾਰਵਾਈ ਤਹਿਤ ਸਮਰਾਲਾ ਥਾਣੇ ਦੇ ਐਸਐਚਓ ਦਵਿੰਦਰਪਾਲ ਸਿੰਘ ਨੂੰ ਮੋਟੀ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਥਾਣਾ ਸਮਰਾਲਾ ਦੇ ਐਸਐਚਓ ਦਵਿੰਦਰਪਾਲ ਸਿੰਘ 'ਤੇ ਐਨਡੀਪੀਐਸ ਐਕਟ ਤਹਿਤ ਦਰਜ ਇੱਕ ਮਾਮਲੇ ਨੂੰ ਰਫਾ-ਦਫਾ ਕਰਨ ਲਈ 1 ਲੱਖ 70 ਰੁਪਏ ਦੀ ਰਿਸ਼ਵਤ ਵਜੋਂ ਲਏ ਸਨ। ਐਸਐਚਓ ਦੇ ਇਸ ਕਾਰਨਾਮੇ ਦਾ ਪਤਾ ਲੱਗਦਿਆਂ ਹੀ ਖੰਨਾ ਪੁਲੀਸ ਨੇ ਕਾਰਵਾਈ ਕਰਦਿਆਂ ਭ੍ਰਿਸ਼ਟਾਚਾਰ ਦੀ ਧਾਰਾ 7.13 (2) ਪੀ.ਸੀ.ਐਕਟ 1988 ਅਧੀਨ ਮਾਮਲਾ ਦਰਜ ਕਰ ਆਪਣੇ ਮਹਿਕਮੇ ਦੇ ਇਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਰਅਸਲ ਐਸਐਚਓ ਦਵਿੰਦਰਪਾਲ ਨੇ ਥਾਣਾ ਸਮਰਾਲਾ ਵਿੱਚ 3 ਮਈ ਨੂੰ ਦਰਜ ਕੀਤੇ ਇੱਕ ਮੁਕੱਦਮਾ ਬਲਜੀਤ ਸਿੰਘ ਵਾਸੀ ਬਗਲੀ ਕਲਾਂ ਦੇ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਮੁਲਜ਼ਮ ਕੋਲੋਂ 2 ਕਿਲੋ 700 ਗ੍ਰਾਮ ਅਫੀਮ ਅਤੇ 75 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਮੁਲਜ਼ਮ ਬਲਜੀਤ ਦੀ ਪਤਨੀ ਨੇ ਐਸਐਸਪੀ ਖੰਨਾ ਨੂੰ ਇੱਕ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ 'ਚ ਉਸ ਨੇ ਇਲਜ਼ਾਮ ਲਗਾਇਆ ਸੀ ਕਿ ਉਸਦੇ ਇੱਕ ਰਿਸ਼ਤੇਦਾਰ ਜਗਦੇਵ ਸਿੰਘ ਨੇ ਇਹ ਕੇਸ ਰਫਾ ਦਫਾ ਕਰਵਾਉਣ ਲਈ ਐਸਐਚਓ ਦੇ ਨਾਮ 'ਤੇ 3 ਲੱਖ 25 ਹਜ਼ਾਰ ਰੁਪਏ ਲਏ ਹਨ। ਪਰ ਪੈਸੇ ਲੈਣ ਦੇ ਬਾਵਜੂਦ ਕੋਈ ਮਦਦ ਨਹੀਂ ਕੀਤੀ।
ਪੁਲਿਸ ਨੇ ਜਾਂਚ ਦੌਰਾਨ ਜਗਦੇਵ ਸਿੰਘ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸਨੇ ਇਨ੍ਹਾਂ ਪੈਸਿਆਂ ਵਿੱਚੋਂ ਇੱਕ ਲੱਖ ਸੱਤਰ ਹਜ਼ਾਰ ਰੁਪਏ ਐਸਐਚਓ ਦਵਿੰਦਰਪਾਲ ਸਿੰਘ ਨੂੰ ਦਿੱਤੇ ਹਨ। ਐਸਐਸਪੀ ਖੰਨਾ ਦੀ ਜਾਂਚ 'ਚ ਸਾਰੇ ਇਲਜ਼ਾਮ ਸਹੀ ਸਾਬਤ ਹੋ ਨਿੱਬੜੇ। ਇਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਜਗਦੇਵ ਸਿੰਘ ਪਾਸੋਂ ਪੰਜਾਹ ਹਜ਼ਾਰ ਅਤੇ ਐਸਐਚਓ ਦਵਿੰਦਰਪਾਲ ਸਿੰਘ ਕੋਲੋਂ ਇੱਕ ਲੱਖ ਸੱਤਰ ਹਜ਼ਾਰ ਦੀ ਨਗਦੀ ਬਰਾਮਦ ਕੀਤੀ ਹੈ।