ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਸ਼ਾਮ ਅੰਮ੍ਰਿਤਸਰ ਪਹੁੰਚਣਗੇ। ਕੇਜਰੀਵਾਲ ਨੇ ਕੱਲ੍ਹ ਅੰਮ੍ਰਿਤਸਰ ਜਿਲ੍ਹਾ ਅਦਾਲਤ 'ਚ ਪੇਸ਼ ਹੋਣਾ ਹੈ। ਅਦਾਲਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਦਾਇਰ ਕਰਵਾਏ ਮਾਣਹਾਨੀ ਦੇ ਕੇਸ 'ਚ 29 ਜੁਲਾਈ ਲਈ ਸੰਮਨ ਕੀਤੇ ਹਨ। 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਦੇ ਚੇਅਰਮੈਨ ਆਸ਼ੀਸ਼ ਖੇਤਾਨ ਵੀ ਉਨ੍ਹਾਂ ਦੇ ਨਾਲ ਪਹੁੰਚ ਰਹੇ ਹਨ।

 

 

ਸੂਤਰਾਂ ਮੁਤਾਬਕ ਅੰਮ੍ਰਿਤਸਰ ਤੋਂ ਕੇਜਰੀਵਾਲ ਤੇ ਦੋ ਹੋਰ ਨੇਤਾਵਾਂ ਦੇ ਸੰਮਨ ਲੈ ਕੇ ਦਿੱਲੀ ਗਈ ਪੁਲਿਸ ਟੀਮ ਵੱਲੋਂ ਉਨ੍ਹਾਂ ਨੂੰ ਸੀ.ਐਮ. ਹਾਊਸ ਵਿੱਚ ਸੰਮਨ ਰਿਸੀਵ ਕਰਵਾਏ ਗਏ ਸਨ। ਜਦੋਂ ਪੁਲਿਸ ਵੱਲੋਂ ਸੰਮਨ ਰਿਸੀਵ ਕਰਵਾਏ ਗਏ, ਉਸ ਵੇਲੇ ਸੰਜੇ ਸਿੰਘ ਤੇ ਆਸ਼ੀਸ਼ ਖੇਤਾਨ ਵੀ ਉੱਥੇ ਹੀ ਮੌਜੂਦ ਸਨ। ਸੰਮਨ ਰਿਸੀਵ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਅਦਾਲਤ ਵਿੱਚ ਜ਼ਰੂਰ ਪੇਸ਼ ਹੋਣਗੇ।

 

 

ਜਾਣਕਾਰੀ ਮੁਤਾਬਕ ਕੇਜਰੀਵਾਲ ਅੱਜ ਸ਼ਾਮ ਅੰਮ੍ਰਿਤਸਰ ਪਹੁੰਚਣਗੇ ਤੇ ਰਾਤ ਅੰਮ੍ਰਿਤਸਰ ਦੇ ਸਰਕਟ ਹਾਊਸ 'ਚ ਰੁਕਣਗੇ। 29 ਜੁਲਾਈ ਨੂੰ ਸਵੇਰੇ ਉਹ ਅਦਾਲਤ ਵਿੱਚ ਪੇਸ਼ ਹੋਣਗੇ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਉਹ ਕਿੱਥੇ ਜਾਣਗੇ ਤੇ ਉਨ੍ਹਾਂ ਦਾ ਹੋਰ ਕੀ ਪ੍ਰੋਗਰਾਮ ਹੈ, ਇਸ ਬਾਰੇ ਨਾ ਕਿਸੇ ਪਾਰਟੀ ਨੇਤਾ ਨੂੰ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਵੱਲੋਂ ਕੇਜਰੀਵਾਲ ਦੀ ਇਸ ਅੰਮ੍ਰਿਤਸਰ ਫੇਰੀ ਨੂੰ ਦੇਖਦਿਆਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।