ਅਮ੍ਰਿਤਸਰ: ਯੂਥ ਮੈਨੀਫੈਸਟੋ ਜਾਰੀ ਕਾਰਨ ਸਮੇਂ ਸਾਡੇ ਕੋਲੋਂ ਅਣਜਾਣੇ 'ਚ ਕੁੱਝ ਗ਼ਲਤੀਆਂ ਹੋਈਆਂ ਸਨ, ਜਿਨਾਂ ਦੀ ਮੁਆਫੀ ਮੰਗਣ ਲਈ ਮੈਂ ਅੱਜ ਹਰਮੰਦਿਰ ਸਾਹਿਬ ਆਇਆ ਹਾਂ। ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਰਮੰਦਿਰ ਸਾਹਿਬ ਮੱਥਾ ਟੇਕਣ ਮਗਰੋਂ ਕਹੀ। ਉਨ੍ਹਾਂ ਕਿਹਾ ਕਿ ਇਥੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ।
ਕੇਜਰੀਵਾਲ ਅੱਜ ਸਵੇਰੇ ਕਰੀਬ 4 ਵਜੇ ਹਰਿਮੰਦਰ ਸਾਹਿਬ ਪਹੁੰਚੇ। ਸਭ ਤੋਂ ਪਹਿਲਾਂ ਗੁਰੂ ਰਾਮ ਦਾਸ ਲੰਗਰ ਹਾਲ ਵਿਖੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਇਸ ਮਗਰੋਂ ਉਹ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਦਰਬਾਰ ਸਾਹਿਬ ਵਿਖੇ ਗੁਰਬਾਣੀ ਦਾ ਸਰਵਣ ਕੀਤਾ। ਅਰਦਾਸ ਤੋਂ ਬਾਅਦ ਉਹ ਅਕਾਲ ਤਖਤ ਸਾਹਿਬ ਮੱਥਾ ਟੇਕਣ ਲਈ ਗਏ।
ਇਸ ਮੌਕੇ ਉਨ੍ਹਾਂ ਨਾਲ ਅਸ਼ੀਸ਼ ਖੇਤਾਨ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਅਸ਼ੀਸ਼ ਖੇਤਾਨ ਨੇ ਹੀ ਯੂਥ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕੀਤੀ ਸੀ ਜਿਸ ਤੋਂ ਬਾਅਦ ਕਈ ਜੱਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਬਿਆਨ ਦਾ ਵਿਰੋਧ ਹੋ ਰਿਹਾ ਸੀ। ਹਾਲਾਂਕਿ ਇਸ ਤੋਂ ਬਾਅਦ ਖੇਤਾਨ ਨੇ ਮਾਫੀ ਮੰਗ ਲਈ ਸੀ। ਪਰ ਇਸ ਦੌਰਾਨ ਉਨ੍ਹਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਵੀ ਦਰਜ ਕਰਵਾਇਆ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸੇਵਾ ਕੀਤੀ ਤੇ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਣਜਾਣੇ 'ਚ ਹੋਈਆਂ ਗ਼ਲਤੀਆਂ ਦੀ ਖਿਮਾ ਯਾਚਨਾ ਕੀਤੀ ਹੈ। ਪਰ ਵਿਰੋਧੀ ਧਿਰਾਂ ਲਗਾਤਾਰ ਇਹੋ ਕਹਿੰਦੀਆਂ ਆ ਰਹੀਆਂ ਹਨ ਕਿ ਕੇਜਰੀਵਾਲ ਵੱਲੋਂ ਇਥੇ ਆ ਕੇ ਸੇਵਾ ਕਰਨਾ ਇੱਕ ਸਿਆਸੀ ਡਰਾਮਾ ਹੈ।
ਕੇਜਰੀਵਾਲ ਜਦੋਂ ਅਕਾਲ ਤਖਤ ਸਾਹਿਬ ਮੱਥਾ ਟੇਕਣ ਲਈ ਗਏ ਤਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਕਵਰੇਜ਼ ਕਰ ਰਹੇ ਮੀਡੀਆ ਨਾਲ ਬਦਸਲੂਕੀ ਕੀਤੀ ਤੇ ਕਵਰੇਜ ਕਾਰਨ ਤੋਂ ਰੋਕ ਦਿੱਤਾ। ਇਸ ਦੌਰਾਨ ਕੁੱਝ ਮੁਲਾਜ਼ਮਾਂ ਵੱਲੋਂ ਕਈ ਮੀਡੀਆ ਕਰਮੀਆਂ ਦੇ ਕੈਮਰਿਆਂ ਨੂੰ ਜ਼ਬਰਦਸਤੀ ਬੰਦ ਕਰਵਾਇਆ ਗਿਆ।