ਖੁਸ਼ਖਬਰੀ! ਸਿਰਫ 75 ਮਿੰਟ 'ਚ ਪਹੁੰਚੋ ਲੁਧਿਆਣਾ ਤੋਂ ਦਿੱਲੀ
ਏਬੀਪੀ ਸਾਂਝਾ | 01 Sep 2016 09:30 AM (IST)

ਲੁਧਿਆਣਾ: ਸਫਰ ਵਜੋਂ ਲੁਧਿਆਣਾ ਦਿੱਲੀ ਦੇ ਕਈ ਗੁਣਾ ਕਰੀਬ ਆ ਗਿਆ ਹੈ। ਪਹਿਲਾਂ ਲੁਧਿਆਣਾ ਤੋਂ ਦਿੱਲੀ ਜਾਣ ਲਈ ਕਰੀਬ 6 ਘੰਟੇ ਦਾ ਸਮਾਂ ਲੱਗਦਾ ਸੀ, ਜਦਕਿ ਹੁਣ ਇਹ ਦੂਰੀ ਸਿਰਫ 75 ਮਿੰਟ ਦੀ ਰਹਿ ਗਈ ਹੈ। ਜੀ ਹਾਂ ਇਹ ਸੱਚ ਹੈ। ਕਿਉਂਕਿ ਲੁਧਿਆਣਾ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਗਈ ਹੈ। ਜੈੱਟ ਸਮਾਰਟ ਏਅਰ ਨੇ ਅੱਜ ਤੋਂ ਇਸ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਜੈੱਟ ਸਮਾਰਟ ਏਅਰ ਦੇ ਸੀਈਓ ਇਰਫਾਨ ਮੁਤਾਬਕ ਇੱਕ ਛੋਟੇ ਜਹਾਜ਼ ਰਾਹੀਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਫਲਾਈਟ ਹਫਤੇ 'ਚ 5 ਦਿਨ ਤੇ ਦਿਨ 'ਚ ਦੋ ਵਾਰ ਲੁਧਿਆਣਾ ਤੋਂ ਦਿੱਲੀ ਤੇ ਦਿੱਲੀ ਤੋਂ ਲੁਧਿਆਣਾ ਦਾ ਸਫਰ ਤੈਅ ਕਰੇਗੀ। ਦਰਅਸਲ ਇਹ ਇੱਕ ਚਾਰਟਡ ਸੇਵਾ ਵਾਂਗ ਚੱਲੇਗੀ। ਇਸ ਛੋਟੇ ਜਹਾਜ 'ਚ ਸਿਰਫ 8 ਸੀਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚੋਂ 2 ਇਕਾਨਮੀ ਤੇ 6 ਐਗਜ਼ੀਕਿਊਟਿਵ ਕਲਾਸ ਦੀਆਂ ਸੀਟਾਂ ਹੋਣਗੀਆਂ। ਇਕਾਨਮੀ ਕਲਾਸ ਦਾ ਕਿਰਾਇਆ 5000 ਰੁਪਏ ਜਦਕਿ ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 10,000 ਰੁਪਏ ਰੱਖਿਆ ਗਿਆ ਹੈ। ਲੁਧਿਆਣਾ ਤੋਂ ਦਿੱਲੀ ਜਾਣ ਵਾਲੀ ਫਲਾਈਟ 'ਚ ਸੀਟ ਬੁਕਿੰਗ ਲਈ ਹਵਾਈ ਅੱਡੇ ਤੋਂ ਇਲਾਵਾ ਆਨਲਾਈਨ ਬੁਕਿੰਗ ਵੀ ਕਰਵਾਈ ਜਾ ਸਕਦੀ ਹੈ। ਕੰਪਨੀ ਨੇ ਇੱਖ ਖਾਸ ਬਿਨਸਮੈਨ ਮੈਂਬਰਸ਼ਿਪ ਦੀ ਆਪਸ਼ਨ ਵੀ ਦਿੱਤੀ ਹੈ। ਇਸ ਤਹਿਤ ਕੋਈ ਵਿਅਕਤੀ 1 ਲੱਖ ਰੁਪਏ ਅਦਾ ਕਰ ਮਹੀਨੇ 'ਚ ਅਣਗਿਣਤ ਵਾਰ ਇਸ ਜਹਾਜ਼ 'ਚ ਸਫਰ ਕਰ ਸਕਦਾ ਹੈ। ਆਨਲਾਈਨ ਬੁਕਿੰਗ 23 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ ਵੀ ਲੁਧਿਆਣਾ-ਦਿੱਲੀ ਫਲਾਈਟ ਲਈ ਆਨਲਾਈਨ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਵੈੱਬਸਾਈਟ www.jetsmart.in 'ਤੇ ਜਾ ਕੇ ਕਰਵਾ ਸਕਦੇ ਹੋ।