ਮੁਕਤਸਰ: ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਵਿੱਚ ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਦੋ ਵਾਰ ਸੰਗਤ ਦਰਸ਼ਨਾਂ ਤੇ ਇੱਕ ਦਲਿਤ ਚੇਤਨਾ ਰੈਲੀ ਵਿੱਚ ਮੁੱਖ ਮੰਤਰੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਬਾਅਦ ਪਾਰਟੀ ਨੇ ਲੋਕਾਂ ਨੂੰ ਨਾਲ ਜੋੜਨ ਲਈ ਗਿੱਦੜਬਾਹਾ ਵਿੱਚ ਟ੍ਰੇਨਿੰਗ ਕੈਂਪ ਲਾਇਆ ਜਿਸ ਵਿੱਚ ਜ਼ਿਆਦਾਤਰ ਕੁਰਸੀਆਂ ਖਾਲੀ ਰਹੀਆਂ।

 

ਦਰਅਸਲ ਅਕਾਲੀ ਦਲ ਨੇ ਮੁਕਤਸਰ ਦੇ ਗਿੱਦੜਬਾਹਾ ਵਿੱਚ ਅਕਾਲੀ ਦਲ ਵੱਲੋਂ ਲੋਕਾਂ ਨੂੰ ਨਾਲ ਜੋੜਨ ਲਈ ਆਈ.ਟੀ. ਟ੍ਰੇਨਿੰਗ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਇੱਕ ਫਿਲਮ ਜ਼ਰੀਏ ਅਕਾਲੀ ਦਲ ਇਤਿਹਾਸ ਤੇ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਇੱਕ ਪੈਲੇਸ ਵਿੱਚ ਵੱਡੇ ਪੱਧਰ 'ਤੇ ਪ੍ਰਬੰਧ ਕੀਤਾ ਗਿਆ ਸੀ ਪਰ ਇੱਥੇ ਜ਼ਿਆਦਾਤਰ ਕੁਰਸੀਆਂ ਖਾਲੀ ਹੀ ਨਜ਼ਰ ਆਈਆਂ।

 

ਗਿੱਦੜਬਾਹਾ ਦੇ ਸੰਨੀ ਪੈਲੇਸ ਵਿੱਚ ਅਕਾਲੀ ਦਲ ਵੱਲੋਂ 50 ਮਿੰਟ ਦੀ ਫਿਲਮ ਵਿਖਾਉਣ ਲਈ ਸਵੇਰੇ 9.00 ਵਜੇ ਦਾ ਟਾਈਮ ਦਿੱਤਾ ਗਿਆ ਸੀ। ਪ੍ਰਬੰਧਕ ਉਡੀਕਦੇ ਰਹੇ ਪਰ 11.00 ਵਜੇ ਤੱਕ ਵੀ ਜ਼ਿਆਦਾ ਗਿਣਤੀ ਵਿੱਚ ਲੋਕ ਨਾ ਆਏ। ਜ਼ਿਆਦਾਤਰ ਖਾਲੀ ਕੁਰਸੀਆਂ ਵੇਖ ਕੇ ਪ੍ਰਬੰਧਕਾਂ ਦੇ ਵੀ ਚਿਹਰੇ ਉੱਡੇ ਹੋਏ ਸਨ।

 

ਉੱਧਰ, ਇਸ ਬਾਰੇ ਗਿੱਦੜਬਾਹਾ ਹਲਕੇ ਦੇ ਇੰਚਾਰਜ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਦੀਪ ਸਿੰਘ ਡਿੰਪੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਆਦਾ ਲੋਕਾਂ ਨੂੰ ਬੁਲਾਇਆ ਹੀ ਨਹੀਂ ਸੀ ਜਾਂ ਜੋ ਲੋਕ ਆਰਾਮ ਨਾਲ ਬੈਠ ਕੇ ਫਿਲਮ ਵੇਖ ਸਕਣ। ਦੂਜੇ ਪਾਸੇ ਖਾਲੀ ਕੁਰਸੀਆਂ ਖੁਦ ਹੀ ਸਾਫ ਕਹਾਣੀ ਬਿਆਨ ਕਰ ਰਹੀਆਂ ਸਨ।