ਫਰੀਦਕੋਟ: ਜ਼ਿਲ੍ਹੇ ਦੇ ਇੱਕ ਪਿੰਡ 'ਚ ਦੇਰ ਸ਼ਾਮ ਹੰਗਾਮਾ ਹੋ ਗਿਆ। ਹੰਗਾਮਾ ਉਸ ਵੇਲੇ ਹੋਇਆ ਜਦ ਸ਼ਰਾਬ ਠੇਕੇਦਾਰਾਂ ਤੇ ਪਿੰਡ ਵਾਲਿਆਂ ਨੇ ਗੁਰਦੁਆਰਾ ਸਾਹਿਬ ਅੰਦਰ ਸ਼ਰਾਬ ਵਾਲੀ ਗੱਡੀ ਦਾਖਲ ਕਰਨ ਦਾ ਇਲਜ਼ਾਮ ਲਾਇਆ। ਇਸ ਹੰਗਾਮੇ ਦੌਰਾਨ ਪਿੰਡ ਵਾਲਿਆਂ ਨੇ ਸ਼ਰਾਬ ਠੇਕੇਦਾਰਾਂ ਦੀ ਗੱਡੀ ਦੀ ਤੋੜਭੰਨ ਵੀ ਕੀਤੀ। ਘਟਨਾ ਫਰੀਦਕੋਟ ਤੋਂ ਕਰੀਬ 25 ਕਿਲੋਮੀਟਰ ਦੂਰ ਪੈਂਦੇ ਪਿੰਡ ਚੰਨੀਆਂ 'ਚ ਵਾਪਰੀ ਹੈ। ਮਾਮਲਾ ਵਧਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਲਾਤ ਨੂੰ ਕਾਬੂ 'ਚ ਕੀਤਾ।


 



 

ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਚੰਨੀਆਂ 'ਚ ਗੁੱਗਾ ਪੀਰ ਦਾ ਮੇਲਾ ਚੱਲ ਰਿਹਾ ਸੀ। ਇੱਥੇ ਠੇਕੇਦਾਰਾਂ ਨੇ ਸ਼ਰਾਬ ਦੀ ਵਿਕਰੀ ਲਈ ਆਪਣੀ ਗੱਡੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਖੜ੍ਹੀ ਕਰਕੇ ਹੀ ਵਿਕਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਬਾਰੇ ਜਿਵੇਂ ਹੀ ਗੁਰਦੁਆਰਾ ਸਾਹਿਬ ਦੇ ਪਾਠੀ ਤੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਹੰਗਾਮਾ ਹੋ ਗਿਆ ਜਦ ਠੇਕੇਦਾਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਪਾਠੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। 






 

ਜਿਵੇਂ ਹੀ ਠੇਕੇਦਾਰਾਂ ਦੀ ਇਸ ਹਰਕਤ ਦਾ ਪਿੰਡ 'ਚ ਪਤਾ ਲੱਗਾ ਤਾਂ ਵੱਡੀ ਗਿਣਤੀ ਲੋਕ ਇਕੱਠੇ ਹੋ ਕੇ ਮੌਕੇ 'ਤੇ ਪਹੁੰਚ ਗਏ। ਇਸ 'ਤੇ ਠੇਕੇਦਾਰ ਆਪਣੀ ਗੱਡੀ ਭਜਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਕੱਠੇ ਹੋਏ ਪਿੰਡ ਵਾਲਿਆਂ ਨੇ ਗੱਡੀ ਨੂੰ ਘੇਰ ਲਿਆ। ਤਲਾਸ਼ੀ ਲੈਣ 'ਤੇ ਉਨ੍ਹਾਂ ਦੀ ਗੱਡੀ 'ਚੋ 3 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ।

 






ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ 'ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਗੁਰਦੁਆਰਾ ਸਾਹਿਬ ਦੇ ਪਾਠੀ ਦੇ ਬਿਆਨ ਦੇ ਅਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਪੁਲਿਸ ਦਾ ਦਾਅਵਾ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।