ਮਨੀਲਾ: ਕਮਾਈ ਕਰ ਪਰਿਵਾਰ ਨੂੰ ਹਰ ਸੁਖ ਦੇਣ ਦਾ ਸੁਪਨਾ ਲੈ ਵਿਦੇਸ਼ ਗਏ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਖਬਰ ਫਿਲਪੀਨਜ਼ ਤੋਂ ਹੈ। ਜਿੱਥੇ ਫਗਵਾੜਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਫਾਈਨਾਂਸ ਦਾ ਕੰਮ ਕਰਦਾ ਸੀ। ਪਰਿਵਾਰ ਮੁਤਾਬਕ ਜਨਵਰੀ 'ਚ ਉਸ ਦਾ ਵਿਆਹ ਰੱਖਿਆ ਹੋਇਆ ਸੀ।
ਜਾਣਕਾਰੀ ਮੁਤਾਬਕ ਫਗਵਾੜਾ ਦੀ ਗਰੀਨ ਲੈਂਡ ਕਲੋਨੀ ਦਾ ਰਹਿਣ ਵਾਲਾ 26 ਸਾਲਾ ਸੁਖਵਿੰਦਰ ਸਿੰਘ ਕੁੱਝ ਸਮਾਂ ਪਹਿਲਾਂ ਵਿਦੇਸ਼ ਗਿਆ ਸੀ। ਉਸ ਦਾ ਸੁਪਨਾ ਸੀ ਕਿ ਚੰਗੀ ਕਮਾਈ ਕਰ ਪਰਿਵਾਰ ਨੂੰ ਹਰ ਸੁਖ ਦੇਵੇਗਾ। ਫਿਲਪੀਨਜ਼ 'ਚ ਉਸ ਨੇ ਫਾਈਨਾਂਸ ਦਾ ਕੰਮ ਸ਼ੁਰੂ ਕੀਤਾ ਸੀ। ਪਰ ਕੱਲ੍ਹ ਅਚਾਨਕ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਸੁਖਵਿੰਦਰ ਦੋ ਭੈਣਾਂ ਦਾ ਇਕੱਲਾ ਭਰਾ ਸੀ। ਭੈਣ ਅਮਨਦੀਪ ਮੁਤਾਬਕ ਅਗਲੇ ਸਾਲ ਜਨਵਰੀ ’ਚ ਉਸ ਦਾ ਵਿਆਹ ਰੱਖਿਆ ਹੋਇਆ ਸੀ। ਪਰਿਵਾਰ ਉਸ ਦੇ ਸਿਹਰੇ ਬੰਨਣ ਦੀਆਂ ਤਿਆਰੀਆਂ ਕਰ ਰਿਹਾ ਸੀ। ਪਰ ਕੱਲ੍ਹ ਸ਼ਾਮ ਅਚਾਨਕ ਉਸ ਦੇ ਕਤਲ ਦੀ ਖਬਰ ਆਈ। ਇਸ ਖਬਰ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ। ਸਭ ਦਾ ਰੋ- ਰੋ ਕੇ ਬੁਰਾ ਹਾਲ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੁਖਵਿੰਦਰ ਦੀ ਲਾਸ਼ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਤਾਂ ਜੋ ਉਹ ਆਪਣੇ ਲਾਡਲੇ ਦਾ ਆਖਰੀ ਵਾਰ ਮੁੰਹ ਦੇਖ ਸਕਣ।